ਨਵੀਂ ਦਿੱਲੀ : ਦਿੱਲੀ ਪੁਲਸ ਨੇ ‘ਸਟੈਂਡ ਅੱਪ’ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ 28 ਅਗਸਤ (ਐਤਵਾਰ) ਨੂੰ ਰਾਸ਼ਟਰੀ ਰਾਜਧਾਨੀ ’ਚ ਆਪਣਾ ਸ਼ੋਅ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਫੈਸਲਾ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਪੁਲਸ ਨੂੰ ਉਸ ਦਾ ਸ਼ੋਅ ਰੱਦ ਕਰਨ ਦੀ ਮੰਗ ਕਰਨ ਤੋਂ ਬਾਅਦ ਆਇਆ। ਪ੍ਰੀਸ਼ਦ ਨੇ ਪੁਲਸ ਨੂੰ ਫਾਰੂਕੀ ਦੇ ਸ਼ੋਅ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਸੀ ਕਿ ਉਹ ਆਪਣੇ ਸ਼ੋਅ ’ਚ ਹਿੰਦੂ ਦੇਵਤਾਵਾਂ ਦਾ ਮਜ਼ਾਕ ਉਡਾਉਂਦਾ ਹੈ।
ਦਿੱਲੀ ਪੁਲਸ ਦੀ ਲਾਇਸੰਸਿੰਗ ਇਕਾਈ ਦੇ ਸਥਾਨਕ ਕੇਂਦਰ ਵੱਲੋਂ ਇੱਕ ਰਿਪੋਰਟ ਲਿਖਣ ਤੋਂ ਬਾਅਦ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ’ਚ ਕਿਹਾ ਗਿਆ ਸੀ ਕਿ ਸ਼ੋਅ ਨਾਲ ਖੇਤਰ ’ਚ ਮਾਹੌਲ ਖਰਾਬ ਹੋ ਸਕਦਾ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਉਸ ਦੇ ਬੈਂਗਲੁਰੂ ’ਚ ਹੋਣ ਵਾਲੇ ਸ਼ੋਅ ਨੂੰ ਵੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉਦੋਂ ਹਿੰਦੂਤਵਵਾਦੀ ਸਮੂਹ ‘ਜੈ ਸ੍ਰੀ ਰਾਮ ਸੈਨਾ’ ਸੰਗਠਨ ਨੇ ਬੈਂਗਲੁਰੂ ਪੁਲਸ ਕਮਿਸ਼ਨ ਕੋਲ ਫਾਰੂਕੀ ਅਤੇ ਆਯੋਜਕਾਂ ਖਿਲਾਫ਼ ਸ਼ਿਕਾਇਤ ਦਰਜ ਕਰਾਈ ਸੀ। ਇਹ 14ਵੀਂ ਵਾਰ ਹੈ, ਜਦ ਹਿੰਦੂਤਵ ਸਮੂਹਾਂ ਦੇ ਵਿਰੋਧ ਤੋਂ ਬਾਅਦ ਫਾਰੂਕੀ ਦਾ ਸ਼ੋਅ ਰੱਦ ਹੋਇਆ ਹੈ।
ਹਾਲਾਂਕਿ ਹਫ਼ਤਾ ਪਹਿਲਾਂ ਉਨ੍ਹਾ ਭਾਜਪਾ ਦੇ ਵਿਰੋਧ ਤੋਂ ਬਾਅਦ 20 ਅਗਸਤ ਨੂੰ ਹੈਦਰਾਬਾਦ ’ਚ ਸਖ਼ਤ ਸੁਰੱਖਿਆ ਵਿਚਾਲੇ ਆਪਣਾ ਸ਼ੋਅ ਕੀਤਾ ਸੀ। ਉਸ ਸਮੇਂ ਤੇਲੰਗਾਨਾ ਭਾਜਪਾ ਪ੍ਰਮੁੱਖ ਬੀ ਸੰਜੈ ਕੁਮਾਰ ਨੇ ਸ਼ੋਅ ਦਾ ਬਾਈਕਾਟ ਕਰਨ ਦਾ ਸੱਦਾ ਕਰਦੇ ਹੋਏ ਦੋਸ਼ ਲਾਇਆ ਸੀ ਕਿ ਫਾਰੂਕੀ ਨੇ ‘ਹਿੰਦੂ ਦੇਵਤਾਵਾਂ ਦਾ ਮਜ਼ਾ ਉਡਾਇਆ ਹੈ।’ ਇਸੇ ਸਾਲ ਮਈ ’ਚ ਫਾਰੂਕੀ ਨੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਹੋਸਟ ਕੀਤਾ ਗਿਆ ਰਿਆਲਿਟੀ ਸ਼ੋਅ ‘ਲਾਕ ਅੱਪ’ ’ਚ ਭਾਗ ਲਿਆ ਸੀ ਅਤੇ 18 ਲੱਖ ਤੋਂ ਜ਼ਿਆਦਾ ਵੋਟ ਪ੍ਰਾਪਤ ਕਰਨ ਤੋਂ ਬਾਅਦ ਜੇਤੂ ਟਰਾਫ਼ੀ ਜਿੱਤੀ ਸੀ।