ਨਵੀਂ ਟੋਲ ਨੀਤੀ ’ਚ ਤਿੰਨ ਹਜ਼ਾਰ ਰੁਪਏ ’ਚ ਸਾਰਾ ਸਾਲ ਗੱਡੀ ਭਜਾਉਣ ਦੀ ਖੁੱਲ੍ਹ ਮਿਲੇਗੀ

0
15

ਨਵੀਂ ਦਿੱਲੀ : ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ’ਤੇ ਟੋਲ ਨਾਲ ਸੰਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ, ਪ੍ਰਸਤਾਵਤ ਨਵੀਂ ਟੋਲ ਨੀਤੀ ਟੋਲ ਚਾਰਜਾਂ ਵਿੱਚ ਔਸਤਨ 50 ਫੀਸਦੀ ਦੀ ਰਾਹਤ ਪ੍ਰਦਾਨ ਕਰੇਗੀ ਅਤੇ ਲੋਕਾਂ ਨੂੰ ਤਿੰਨ ਹਜ਼ਾਰ ਰੁਪਏ ਯਕਮੁਸ਼ਤ ਦੇਣ ’ਤੇ ਸਾਲਾਨਾ ਪਾਸ ਦੀ ਸਹੂਲਤ ਵੀ ਦੇਵੇਗੀ। ਇਹ ਪਾਸ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ਦੇ ਨਾਲ-ਨਾਲ ਰਾਜ ਐਕਸਪ੍ਰੈਸਵੇਅ ’ਤੇ ਵੀ ਵੈਧ ਹੋਣਗੇ। ਇਸ ਲਈ ਵੱਖਰਾ ਪਾਸ ਲੈਣ ਦੀ ਕੋਈ ਲੋੜ ਨਹੀਂ ਹੋਵੇਗੀ, ਸਗੋਂ ਫੀਸ ਦਾ ਭੁਗਤਾਨ ਸਿਰਫ ਫਾਸਟੈਗ ਖਾਤੇ ਰਾਹੀਂ ਹੀ ਕੀਤਾ ਜਾ ਸਕੇਗਾ। ਨਵੀਂ ਟੋਲ ਨੀਤੀ ਲਗਪਗ ਤਿਆਰ ਹੈ ਅਤੇ ਕਿਸੇ ਵੀ ਸਮੇਂ ਇਸਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਵਿੱਚ ਇੱਕ ਸਮਾਂ ਸੀਮਾ ਦੇ ਅੰਦਰ ਟੋਲ ਗੇਟਾਂ ਨੂੰ ਖਤਮ ਕਰਨ ਦਾ ਵੀ ਸੰਕਲਪ ਹੈ। ਨਵੀਂ ਟੋਲ ਨੀਤੀ ਟੋਲ ਪਲਾਜ਼ਾ ਪ੍ਰਬੰਧਾਂ ਦੀ ਬਜਾਏ ਪ੍ਰਤੀ ਕਿੱਲੋਮੀਟਰ ਇੱਕ ਨਿਸ਼ਚਿਤ ਫੀਸ ’ਤੇ ਅਧਾਰਤ ਹੋਵੇਗੀ। ਮੋਟੇ ਤੌਰ ’ਤੇ ਇੱਕ ਕਾਰ ਨੂੰ ਹਰ ਸੌ ਕਿਲੋਮੀਟਰ ਲਈ ਪੰਜਾਹ ਰੁਪਏ ਟੋਲ ਫੀਸ ਦੇਣੀ ਪਵੇਗੀ। ਇਸ ਵੇਲੇ ਸਿਰਫ ਮਾਸਿਕ ਪਾਸ ਜਾਰੀ ਕੀਤੇ ਜਾਂਦੇ ਹਨ, ਜੋ ਸਥਾਨਕ ਲੋਕਾਂ ਨੂੰ ਟੋਲ ਪਲਾਜ਼ਾ ਪਾਰ ਕਰਨ ਵਿੱਚ ਰਾਹਤ ਪ੍ਰਦਾਨ ਕਰਦੇ ਹਨ, ਪਰ ਨਵੀਂ ਨੀਤੀ ਵਿੱਚ 3000 ਰੁਪਏ ਦਾ ਸਾਲਾਨਾ ਪਾਸ ਪ੍ਰਾਪਤ ਕਰਕੇ, ਇੱਕ ਕਾਰ ਸਾਲ ਭਰ ਵਿੱਚ ਅਸੀਮਤ ਕਿੱਲੋਮੀਟਰ ਸਫਰ ਕਰ ਸਕਦੀ ਹੈ ਅਤੇ ਉਸਨੂੰ ਕਿਸੇ ਵੀ ਐਕਸਪ੍ਰੈਸਵੇਅ ਜਾਂ ਹਾਈਵੇਅ ’ਤੇ ਕੋਈ ਫੀਸ ਨਹੀਂ ਦੇਣੀ ਪਵੇਗੀ। ਸੂਤਰਾਂ ਅਨੁਸਾਰ, ਰਿਆਇਤਾਂ ਪ੍ਰਾਪਤ ਕਰਨ ਵਾਲਿਆਂ ਦੇ ਇਤਰਾਜ਼ਾਂ, ਵੱਖ-ਵੱਖ ਰਾਜਾਂ ਵਿੱਚ ਵਾਹਨਾਂ ਲਈ ਵੱਖ-ਵੱਖ ਉਮਰ ਸੀਮਾ ਨਿਯਮਾਂ ਅਤੇ ਬੈਂਕਾਂ ਦੀ ਝਿਜਕ ਕਾਰਨ, ਸਰਕਾਰ ਨੇ ਹੁਣ ਲਾਈਫਟਾਈਮ ਪਾਸ ਜਾਰੀ ਕਰਨ ਦਾ ਵਿਚਾਰ ਛੱਡ ਦਿੱਤਾ ਹੈ। ਪਹਿਲਾਂ 15 ਸਾਲਾਂ ਲਈ ਵੈਧ ਜੀਵਨ ਭਰ ਦਾ ਪਾਸ 30,000 ਰੁਪਏ ਵਿੱਚ ਜਾਰੀ ਕਰਨ ਬਾਰੇ ਸੋਚਿਆ ਗਿਆ ਸੀ ਪਰ ਸਾਰੀਆਂ ਧਿਰਾਂ ਇਸ ’ਤੇ ਸਹਿਮਤ ਨਹੀਂ ਹੋਈਆਂ।