ਵਾਡਰਾ ਈ ਡੀ ਅੱਗੇ ਪੇਸ਼

0
100

ਨਵੀਂ ਦਿੱਲੀ : ਕਾਰੋਬਾਰੀ ਰੌਬਰਟ ਵਾਡਰਾ ਹਰਿਆਣਾ ਦੇ ਸ਼ਿਕੋਹਪੁਰ ਵਿੱਚ ਜ਼ਮੀਨ ਦੇ ਖਰੀਦ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਜਾਰੀ ਸੰਮਨਾਂ ਮਗਰੋਂ ਮੰਗਲਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਦਫਤਰ ਪਹੁੰਚੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਏਜੰਸੀ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਉਨ੍ਹਾ ਦਾ ਬਿਆਨ ਦਰਜ ਕਰੇਗੀ। ਇਹ ਮਾਮਲਾ ਫਰਵਰੀ 2008 ਵਿੱਚ ਵਾਡਰਾ ਦੀ ਕੰਪਨੀ ਵੱਲੋਂ ਓਮਕਾਰੇਸ਼ਵਰ ਪ੍ਰਾਪਰਟੀਜ਼ ਤੋਂ ਗੁੜਗਾਓਂ ਦੇ ਸ਼ਿਕੋਹਪੁਰ ਵਿੱਚ 3.5 ਏਕੜ ਦੇ ਪਲਾਟ ਨੂੰ 7.5 ਕਰੋੜ ਰੁਪਏ ਵਿੱਚ ਖਰੀਦਣ ਨਾਲ ਸੰਬੰਧਤ ਹੈ। ਦੋਸ਼ ਹੈ ਕਿ ਵਾਡਰਾ ਦੀ ਕੰਪਨੀ ਨੇ ਬਾਅਦ ਵਿੱਚ ਜ਼ਮੀਨ ਦੇ ਟੁਕੜੇ ਨੂੰ ਰੀਅਲ ਅਸਟੇਟ ਦਿੱਗਜ਼ ਡੀ ਐੱਲ ਐੱਫ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤਾ। ਇਸੇ ਦੌਰਾਨ ਵਾਡਰਾ ਨੇ ਕਿਹਾ ਕਿ ਭਾਜਪਾ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਪਿਛਲੇ 20 ਸਾਲਾਂ ਵਿੱਚ ਉਨ੍ਹਾ ਤੋਂ ਏਜੰਸੀਆਂ ਨੂੰ ਕੁਝ ਵੀ ਨਹੀਂ ਮਿਲਿਆ ਹੈ।
ਰਾਜਸਥਾਨ ਦੇ ਸਾਬਕਾ ਕਾਂਗਰਸੀ ਮੰਤਰੀ ਦੇ ਘਰ ਛਾਪਾ
ਜੈਪੁਰ : ਈ ਡੀ ਨੇ ਰਾਜਸਥਾਨ ਦੇ ਕਾਂਗਰਸ ਆਗੂ ਪ੍ਰਤਾਪ ਸਿੰਘ ਕਚਾਰੀਆਵਾਸ ਦੀ ਸਿਵਲ ਲਾਈਨਜ਼ ਇਲਾਕੇ ਵਿਚਲੀ ਰਿਹਾਇਸ਼ ’ਤੇ ਮੰਗਲਵਾਰ ਛਾਪਾ ਮਾਰਿਆ। ਕਚਾਰੀਆਵਾਸ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ। ਕਚਾਰੀਆਵਾਸ ਨੇ ਕਿਹਾ, ‘‘ਮੈਂ ਜਾਂਚ ’ਚ ਸਹਿਯੋਗ ਦੇਵਾਂਗਾ, ਪਰ ਮੇਰਾ ਮੰਨਣਾ ਹੈ ਕਿ ਭਾਜਪਾ ਨੂੰ ਈ ਡੀ ਦੀ ਵਰਤੋਂ ਕਰਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜਿਵੇਂ ਹੀ ਈ ਡੀ ਦੀ ਕਾਰਵਾਈ ਦੀ ਜਾਣਕਾਰੀ ਮਿਲੀ, ਪ੍ਰਤਾਪ ਸਿੰਘ ਦੇ ਸਮਰਥਕ ਉਨ੍ਹਾ ਦੇ ਘਰ ਪਹੁੰਚ ਗਏ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਆਪ ਵਿਧਾਇਕ ਦੇ ਟਿਕਾਣਿਆਂ ’ਤੇ ਈ ਡੀ ਦੇ ਛਾਪੇ
ਮੁਹਾਲੀ : ਈ ਡੀ ਨੇ ਮੰਗਲਵਾਰ ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਦੇ ਨਵੇਂ ਘਰ ਸਮੇਤ ਪੰਜਾਬ-ਭਰ ਵਿੱਚ ਉਸ ਨਾਲ ਜੁੜੇ ਵੱਖ-ਵੱਖ ਟਿਕਾਣਿਆਂ ’ਤੇ ਦਸਤਕ ਦਿੱਤੀ। ਇਸ ਕਾਰਵਾਈ ਨੂੰ ਮਨੀ ਲਾਂਡਰਿੰਗ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀ ਅਤੇ ਜੇ ਐੱਲ ਪੀ ਐੱਲ ਦੇ ਮਾਲਕ ਕੁਲਵੰਤ ਸਿੰਘ ਆਪਣੇ ਘਰ ਅਤੇ ਦਫਤਰ ਵਿੱਚ ਮੌਜੂਦ ਨਹੀਂ ਸਨ।
ਸਲਮਾਨ ਨੂੰ ਧਮਕੀ ਦੇਣ ਵਾਲਾ ਹਿੱਲਿਆ ਨਿਕਲਿਆ
ਵਡੋਦਰਾ : ਪੁਲਸ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦਾ ਖੁਰਾ ਖੋਜ ਲਾ ਲਿਆ ਹੈ। ਐੈੱਸ ਪੀ ਰੋਹਨ ਆਨੰਦ ਨੇ ਦੱਸਿਆ ਕਿ ਜਾਂਚ ਦੌਰਾਨ ਮੁੰਬਈ ਪੁਲਸ ਨੂੰ ਪਤਾ ਲੱਗਾ ਕਿ ਇਹ ਧਮਕੀ ਵਡੋਦਰਾ ਦੇ ਵਾਘੋਡੀਆ ਤਾਲੁਕਾ ਵਿੱਚ ਰਹਿਣ ਵਾਲੇ ਵਿਅਕਤੀ ਵੱਲੋਂ ਦਿੱਤੀ ਗਈ ਸੀ। ਮੁੰਬਈ ਪੁਲਸ ਦੀ ਟੀਮ, ਵਾਘੋਡੀਆ ਪੁਲਸ ਨੂੰ ਨਾਲ ਲੈ ਕੇ ਮਸ਼ਕੂਕ ਦੇ ਘਰ ਪਹੁੰਚੀ। ਇਸ ਦੌਰਾਨ ਪਤਾ ਲੱਗਾ ਕਿ 26 ਸਾਲਾ ਵਿਅਕਤੀ, ਜਿਸ ਨੇ ਧਮਕੀ ਵਾਲਾ ਸੁਨੇਹਾ ਭੇਜਿਆ ਸੀ, ਮਾਨਸਿਕ ਤੌਰ ’ਤੇ ਅਸਥਿਰ ਹੈ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ।