ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜਬਰ-ਜ਼ਨਾਹ ਦੇ ਇੱਕ ਮਾਮਲੇ ’ਚ ਅਲਾਹਾਬਾਦ ਹਾਈ ਕੋਰਟ ਦੀ ਟਿੱਪਣੀ ਦਾ ਸਖਤ ਨੋਟਿਸ ਲਿਆ ਹੈ। ਉਸ ਨੇ ਵੀਹ ਦਿਨਾਂ ’ਚ ਦੂਜੀ ਵਾਰ ਅਲਾਹਾਬਾਦ ਹਾਈ ਕੋਰਟ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਕੇਸ ਵਿੱਚ ਵਿਵਾਦਤ ਟਿੱਪਣੀ ਨਹੀਂ ਕਰਨੀ ਚਾਹੀਦੀ। ਹਾਈ ਕੋਰਟ ਨੇ ਹਾਲ ਹੀ ਵਿੱਚ ਜਬਰ-ਜ਼ਨਾਹ ਦੇ ਕੇਸ ਵਿੱਚ ਮੁਲਜ਼ਮ ਨੂੰ ਜ਼ਮਾਨਤ ਦਿੰਦਿਆਂ ਕਿਹਾ ਸੀ ਕਿ ਪੀੜਤ ਕੁੜੀ ਨੇ ਖੁਦ ਮੁਸੀਬਤ ਸਹੇੜੀ, ਜਿਸ ਲਈ ਉਹ ਆਪ ਜ਼ਿੰਮੇਵਾਰ ਹੈ।
ਸੁਪਰੀਮ ਕੋਰਟ ਦੀ ਇਹ ਟਿੱਪਣੀ ਉਦੋਂ ਆਈ, ਜਦੋਂ ਉਹ ਅਲਾਹਾਬਾਦ ਹਾਈ ਕੋਰਟ ਦੇ 17 ਮਾਰਚ ਦੇ ਵੱਖਰੇ ਹੁਕਮ ’ਤੇ ਇੱਕ ਖੁਦਮੁਖਤਾਰੀ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਦਰਅਸਲ ਸੁਪਰੀਮ ਕੋਰਟ ਇੱਕ ਹੋਰ ਮਾਮਲੇ ’ਚ ਸੁਣਵਾਈ ਕਰ ਰਹੀ ਹੈ, ਜਿਸ ਵਿੱਚ ਅਲਾਹਾਬਾਦ ਹਾਈ ਕੋਰਟ ਨੇ 19 ਮਾਰਚ ਨੂੰ ਕਿਹਾ ਸੀ ਕਿ ਔਰਤ ਦਾ ਨਾਲਾ ਖਿੱਚਣਾ ਜਬਰ-ਜ਼ਨਾਹ ਦੀ ਕੋਸ਼ਿਸ਼ ਨਹੀਂ ਮੰਨੀ ਜਾ ਸਕਦੀ। ਜਸਟਿਸ ਬੀ ਆਰ ਗਵਈ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਕਿਹਾ, ‘ਜੇ ਕੋਈ ਜ਼ਮਾਨਤ ਦੇਣਾ ਚਾਹੁੰਦਾ ਹੈ ਤਾਂ ਠੀਕ ਹੈ, ਪਰ ਅਜਿਹੀ ਟਿੱਪਣੀ ਕਿਉਂ ਕੀਤੀ ਜਾਵੇ, ਜਿਸ ਵਿੱਚ ਕਿਹਾ ਗਿਆ ਕਿ ਉਸ ਨੇ ਮੁਸੀਬਤ ਨੂੰ ਸੱਦਾ ਆਪ ਦਿੱਤਾ। ਇਸ ਪਾਸੇ (ਬੈਂਚ) ਨੂੰ ਵੀ ਬਹੁਤ ਚੌਕਸ ਰਹਿਣਾ ਚਾਹੀਦਾ ਹੈ।’