ਨਾਗਾਪਟੀਨਮ (ਗਿਆਨ ਸੈਦਪੁਰੀ)
ਇੱਥੇ ਦੇ ਵੀ ਪੀ ਐੱਨ ਕਾਨਫਰੰਸ ਹਾਲ ਵਿੱਚ ਬਣਾਏ ਗਏ ਕਾਮਰੇਡ ਅਤੁਲ ਕੁਮਾਰ ਅਨਜਾਨ ਹਾਲ ਵਿੱਚ ਕੁਲ ਹਿੰਦ ਕਿਸਾਨ ਸਭਾ ਦੀ 30ਵੀਂ ਕਾਨਫਰੰਸ ਨਵੇਂ ਜੋਸ਼, ਨਵੀਂਆਂ ਉਮੰਗਾਂ, ਕਿਸਾਨੀ ਸੰਗਰਾਮ ਦੀ ਸਰਗਮ ਨੂੰ ਨਵੀਂ ਜੰੁਬਸ਼ ਦੇਣ ਅਤੇ ਸੱਭਿਆਚਾਰਕ ਸੰਗੀਤ ਦੀਆਂ ਸੁਰਾਂ ਨਾਲ ਇੱਕਮਿੱਕ ਹੁੰਦਿਆਂ ਉਤਸ਼ਾਹੀ ਮਾਹੌਲ ਵਿੱਚ ਸ਼ੁਰੂ ਹੋਈ।
ਹਾਲ ਵਿੱਚ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਬਾਹਰ ਬਣਾਏ ਗਏ ਇੱਕ ਮੰਚ ’ਤੇ ਕਿਸਾਨ, ਕਮਿਊਨਿਸਟ ਤੇ ਮਜ਼ਦੂਰ ਆਗੂ ਇਕੱਤਰ ਹੋਏ। ਇੱਥੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਕਮਿਊਨਿਸਟ ਕਾਰਕੁਨ ਮਸ਼ਾਲਾਂ ਲੈ ਕੇ ਪਹੁੰਚੇ। ਇਨ੍ਹਾਂ ਮਸ਼ਾਲਾਂ ਨੂੰ ਨਾਮਵਰ ਕਿਸਾਨ ਆਗੂਆਂ ਨੇ ਪ੍ਰਾਪਤ ਕੀਤਾ। ਮਸ਼ਾਲਾਂ ਪ੍ਰਾਪਤ ਕਰਨ ਵਾਲੇ ਆਗੂਆਂ ਵਿੱਚ ਕੁਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ਸਭਾ ਦੀ ਕੌਮੀ ਸਕੱਤਰ ਪਸਨਾ ਪਦਮਾ, ਕੇ. ਡੀ. ਸਿੰਘ ਅਤੇ ਹੋਰ ਕਿਸਾਨ ਆਗੂ ਸ਼ਾਮਲ ਸਨ।
ਇਸ ਵਾਰ ਝੰਡਾ ਲਹਿਰਾਉਣ ਦੀ ਮਾਣਮੱਤੀ ਜ਼ਿੰਮੇਵਾਰੀ ਨਿਭਾਉਣਾ ਪ੍ਰਸਿੱਧ ਕਿਸਾਨ ਆਗੂ ਤਾਰਾ ਸਿੰਘ ਸਿੱਧੂ ਦੇ ਹਿੱਸੇ ਆਇਆ। ਆਕਾਸ਼ ਗੁੰਜਾਊ ਨਾਹਰਿਆਂ ਦੌਰਾਨ ਸ੍ਰੀ ਸਿੱਧੂ ਨੇ ਝੰਡਾ ਲਹਿਰਾਇਆ। ਇਸ ਮੌਕੇ ਕਿਸਾਨ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ, ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ, ਜ਼ਿਲ੍ਹਾ ਕਪੂਰਥਲਾ ਦੇ ਕਿਸਾਨ ਆਗੂ ਐਡਵੋਕੇਟ ਰਜਿੰਦਰ ਸਿੰਘ ਰਾਣਾ ਆਦਿ ਨਾਲ ਸਨ। ਕਾਨਫਰੰਸ ਦੀ ਇਸ ਅਹਿਮ ਰਸਮ ਮੌਕੇ ਜਾਣੇ-ਪਛਾਣੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਪੇਰੀਆਸਾਮੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਉਪਰੰਤ ‘ਕਾਮਰੇਡ ਅਤੁਲ ਕੁਮਾਰ ਅਨਜਾਨ’ ਹਾਲ ਨੱਕੋ- ਨੱਕ ਭਰ ਗਿਆ। ਭਰੇ ਹੋਏ ਹਾਲ ਵਿੱਚ ਤਾਮਿਲਨਾਡੂ ਦੇ ਕਲਾਕਾਰਾਂ ਨੇ ਬਾ- ਕਮਾਲ ਪੇਸ਼ਕਾਰੀਆਂ ਕਰਕੇ ਉਹ ਕਥਨ ਸਾਬਤ ਕਰ ਦਿੱਤਾ ਕਿ ਸੰਗੀਤ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ। ਭਾਰਤ ਨਾਟਿਅਮ ਤੋਂ ਇਲਾਵਾ ਨਿ੍ਰਤ ਦੀਆਂ ਵੱਖ-ਵੱਖ ਵੰਨਗੀਆਂ ਦੇਖਣ-ਸੁਣਨ ਨੂੰ ਮਿਲੀਆਂ। ਇਸ ਸੰਗੀਤ ਸੈਸ਼ਨ ਦੇ ਪੇਸ਼ ਕਰਤਾ ਨੇ ਜਦੋਂ ਦੱਸਿਆ ਕਿ ਇਹ ਸਾਰੀਆਂ ਪੇਸ਼ਕਾਰੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਧੀਆਂ ਵੱਲੋਂ ਸਨ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਤੋਂ ਬਾਅਦ ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਵੈਂਕਈਆ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਆਗੂਆਂ ਨੂੰ ਸੱਦਾ ਦਿੱਤਾ। ਕੇਰਲ ਦੇ ਖੇਤੀ ਮੰਤਰੀ ਪੀ. ਪ੍ਰਸਾਦ, ਤਾਮਿਲਨਾਡੂ ਦੇ ਖੇਤੀ ਮੰਤਰੀ ਪਨੀਰਸੇਲਵਮ, ਬਿਹਾਰ ਤੋਂ ਐੱਮ ਪੀ ਰਾਜਾ ਰਾਮ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰਾਜਨ ਸਾਗਰ, ਪ੍ਰਸਿੱਧ ਕਿਸਾਨ ਆਗੂ ਰਾਕੇਸ਼ ਟਿਕੈਤ, ਬਲਦੇਵ ਸਿੰਘ ਨਿਹਾਲਗੜ੍ਹ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪੇਰੀਆਸਾਮੀ, ਰਾਜ ਸਭਾ ਮੈਂਬਰ ਸੰਤੋਸ਼, ਕਿਸਾਨ ਆਗੂ ਤਾਰਾ ਸਿੰਘ ਸਿੱਧੂ, ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੀ ਜਨਰਲ ਸਕੱਤਰ ਨਿਸ਼ਾ ਸਿੱਧੂ, ਨੌਜਵਾਨ ਆਗੂ ਤਿਰੁਮਲਈ ਆਦਿ ਆਗੂ ਪ੍ਰਧਾਨਗੀ ਮੰਡਲ ਵਿੱਚ ਬੈਠੇ।
ਇਸ ਦੌਰਾਨ ਕਿਸਾਨ ਆਗੂ ਕੇ ਡੀ ਸਿੰਘ ਨੇ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਆਗੂਆਂ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ ਹਾਊਸ ਨੂੰ ਖੜੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਲਈ ਕਿਹਾ। ਵਿੱਛੜ ਚੁੱਕੇ ਆਗੂਆਂ, ਜਿਨ੍ਹਾਂ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਨ੍ਹਾਂ ਵਿੱਚ ਕਿਸਾਨ ਆਗੂ ਅਤੁਲ ਕੁਮਾਰ ਅਨਜਾਨ, ਪ੍ਰਮੋਦ ਪੰਡਾ ਅਤੇ ਸੀ ਕੇ ਚੰਦਰਨ ਸ਼ਾਮਲ ਹਨ। ਕਾਨਫਰੰਸ ਦੀ ਸਵਾਗਤੀ ਕਮੇਟੀ ਵੱਲੋਂ ਮੈਂਬਰ ਪਾਰਲੀਮੈਂਟ ਸਿਲਵਰਾਜਨ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ। ਕੇਰਲਾ ਦੇ ਖੇਤੀ ਮੰਤਰੀ ਪੀ. ਪ੍ਰਸਾਦ ਨੇ ਆਪਣੀ ਉਦਘਾਟਨੀ ਤਕਰੀਰ ਵਿੱਚ ਕਿਹਾ ਕਿ ਸਵਾਮੀ ਸਹਿਜਾਨੰਦ ਵਰਗੇ ਆਗੂਆਂ ਨੇ ਕੁਲ ਹਿੰਦ ਕਿਸਾਨ ਸਭਾ ਰੂਪੀ ਪੌਦਾ ਲਾਇਆ ਸੀ, ਜੋ 30ਵੀਂ ਕਾਨਫਰੰਸ ਤੱਕ ਪਹੁੰਚਦਿਆਂ ਵੱਡਾ ਦਰੱਖਤ ਬਣ ਗਿਆ ਹੈ। ਇਸ ਦਰੱਖਤ ਨੂੰ ਵੱਢਣ ਜਾਂ ਪੁੱਟਣ ਲਈ ਆਰ ਐੱਸ ਅੱੈਸ ਵਰਗੀਆਂ ਤਾਕਤਾਂ ਆਰੇ ਅਤੇ ਕੁਹਾੜੇ ਲੈ ਕੇ ਖੜ੍ਹੀਆਂ ਹਨ। ਇਨ੍ਹਾਂ ਤਾਕਤਾਂ ਤੋਂ ਜਿੱਥੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਉੱਥੇ ਕਿਸਾਨ ਸਭਾ ਦੀ ਤਾਕਤ ਨੂੰ ਮਜ਼ਬੂਤ ਕਰਨ ਦੀ ਵੱਡੀ ਲੋੜ ਹੈ। ਉਨ੍ਹਾ ਕਿ ਕਿਹਾ ਕਿ ਅੱਜ ਸਵਾਲ ਜਿੱਥੇ ਘੱਟੋ-ਘੱਟ ਕੀਮਤ ਦੀ ਗਰੰਟੀ ਦਾ ਹੈ, ਉੱਥੇ ਜਮਹੂਰੀਅਤ ਨੂੰ ਬਚਾਉਣ ਦਾ ਵੀ ਹੈ। ਉਨ੍ਹਾ ਭਾਜਪਾ ਦੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਨਾਹਰੇ ਨੂੰ ਗੁਮਰਾਹਕੁੰਨ ਦੱਸਿਆ। ਕੇਰਲਾ ਸਰਕਾਰ ਦੇ ਮੰਤਰੀ ਨੇ ਉੱਥੋਂ ਦੀ ਸਰਕਾਰ ਵੱਲੋਂ ਖੇਤੀ ਖੇਤਰ ਦੇ ਵਿਕਾਸ ਵਿੱਚ ਨਿਭਾਈ ਜਾ ਰਹੀ ਸਾਰਥਿਕ ਭੂਮਿਕਾ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸਾਵਧਾਨ ਰਹਿਣ ਤੇ ਤਾਕਤ ਨੂੰ ਹੋਰ ਵਧਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਸਰਕਾਰੀ ਸੰਗਠਨ ਬਣਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਜੇਕਰ ਕਿਸਾਨੀ ਤਾਕਤ ਮਜ਼ਬੂਤ ਹੈ ਤਾਂ ਦੇਸ਼ ਵੀ ਮਜ਼ਬੂਤ ਹੋਵੇਗਾ। ਉਨ੍ਹਾ ਕਿਹਾ ਕਿ ਜੋ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕੀਤਾ ਗਿਆ ਸੀ, ਉਹੋ ਜਿਹੇ ਸੰਘਰਸ਼ ਦੀ ਦੁਬਾਰਾ ਲੋੜ ਹੈ। ਟਿਕੈਤ ਨੇ ਆਪਣੀ ਤਕਰੀਰ ਦੀ ਸਮਾਪਤੀ ’ਤੇ ਜੈ ਹਿੰਦ ਦੇ ਨਾਹਰੇ ਨਾਲ ਵਾਹਿਗੁਰੂ ਜੀ ਕੀ ਫ਼ਤਿਹ ਦਾ ਜੈਕਾਰਾ ਵੀ ਬੁਲਾਇਆ।ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰਾਜਨ ਸਾਗਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਇਸ ਕਾਨਫਰੰਸ ਵਿੱਚੋਂ ਜੋਸ਼ ਨਾਲ ਉਭਾਰਾਂਗੇ। ਉਨ੍ਹਾ ਕਿਹਾ ਕਿ ਆਰ ਐੱਸ ਐੱਸ ਵੱਲੋਂ ਗੰਗਾ-ਜਮਨੀ ਤਹਿਜ਼ੀਬ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਸੀਂ ਇਹ ਕੁਝ ਹੋਣ ਨਹੀਂ ਦਿਆਂਗਾ। ਸੀ ਪੀ ਆਈ (ਐੱਮ) ਨਾਲ ਸੰਬੰਧਤ ਕਿਸਾਨ ਸਭਾ ਦੇ ਆਗੂ ਬੀ ਜੂ �ਿਸ਼ਨਨ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ। ਕਾਨਫਰੰਸ ਦੇ ਅਗਲੇ ਸੈਸ਼ਨ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਰਾਜਨ ਸਾਗਰ ਨੇ ਡੈਲੀਗੇਟਾਂ ਅੱਗੇ ਰਿਪੋਰਟ ਪੇਸ਼ ਕੀਤੀ। ਇਸ ਤੋਂ ਪਹਿਲਾ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਵਾਲੇ ਪ੍ਰਸਿੱਧ ਕਿਸਾਨ ਆਗੂ ਤਾਰਾ ਸਿੰਘ ਸਿੱਧੂ ਨੇ ਵੀ ਡੈਲੀਗੇਟਾਂ ਨੂੰ ਸੰਬੋਧਨ ਕੀਤਾ।