ਨਾਗਾਪਟੀਨਮ (ਤਾਮਿਲਨਾਡੂ)(ਗਿਆਨ ਸੈਦਪੁਰੀ)
ਕੁਲ ਹਿੰਦ ਕਿਸਾਨ ਸਭਾ ਦੀ 30ਵੀਂ ਕੌਮੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ 19 ਸੂਬਿਆਂ ਵਿੱਚੋਂ 590 ਡੈਲੀਗੇਟ ਇੱਥੇ ਪਹੁੰਚੇ ਹੋਏ ਹਨ। ਸਭ ਆਪੋ- ਆਪਣੀ ਸੰਸ�ਿਤੀ ਤੇ ਰੀਤੀ-ਰਿਵਾਜਾਂ ਦਾ ਮਾਣ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਨਾਗਾਪਟੀਨਮ (ਤਾਮਿਲਨਾਡੂ) ਦੇ ਲੋਕਾਂ ਦੀ ਪ੍ਰਾਹੁਣਚਾਰੀ ਤੇ ਪੱਬਾਂ ਭਾਰ ਹੋ ਕੇ ਕੀਤੀ ਜਾ ਰਹੀ ਆਓ ਭਗਤ ਤੋਂ ਪ੍ਰਭਾਵਿਤ ਹੋ ਕੇ ਅਸ਼-ਅਸ਼ ਹੀ ਨਹੀਂ ਕਰ ਰਹੇ, ਸਗੋਂ ਵਾਰ-ਵਾਰ ਇੱਥੇ ਆਉਣ ਦੇ ਸਬੱਬ ਤਲਾਸ਼ ਰਹੇ ਹਨ। ਸਾਰੇ ਡੈਲੀਗੇਟ ਪਹਿਲੇ ਦਿਨ ਹੀ ਇੱਥੋਂ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਸੰਗੀਤ ਦੇ ਰੰਗਾਂ ਵਿੱਚ ਰੰਗੇ ਗਏ ਸਨ। ਸੰਗੀਤ ਦੀਆਂ ਸੁਰਾਂ ਨੂੰ ਸਮਝਣ ਲਈ ਭਾਸ਼ਾ ਕਿਧਰੇ ਵੀ ਅੜਿੱਕਾ ਨਾ ਬਣੀ, ਜਦ ਕਿ ਆਮ ਵਿਚਰਨ ਵਰਤਾਰੇ ਵਿੱਚ ਬੋਲੀ ਵੱਡੀ ਸਮੱਸਿਆ ਹੈ। ਗੱਲ ਸਮਝਣ-ਸਮਝਾਉਣ ਲਈ ਇਸ਼ਾਰੇ ਹੀ ਕੰਮ ਆ ਰਹੇ ਹਨ। ਭੋਜਨ ਕੇਲੇ ਦੇ ਪੱਤਿਆਂ ’ਤੇ ਛਕਣਾ ਸ਼ਾਇਦ ਇੱਥੋਂ ਦੇ ਲੋਕਾਂ ਦੀ ਪੁਰਾਣੀ ਸੱਭਿਅਤਾ ਦਾ ਹਿੱਸਾ ਹੈ। ਪੰਜਾਬ ਵਿੱਚੋਂ ਪਹਿਲੀ ਵਾਰ ਆਏ ਡੈਲੀਗੇਟਾਂ ਨੂੰ ਕੇਲੇ ਦੇ ਪੱਤਿਆਂ ’ਤੇ ਪਰੋਸੀ ਹੋਈ ਰੋਟੀ ਖਾਣ ਦਾ ਵਰਤਾਰਾ ਅਜੀਬ ਵੀ ਲੱਗਾ ਤੇ ਚੰਗਾ ਵੀ। ਇੱਥੇ ਇਹ ਵੀ ਦੱਸਣਾ ਠੀਕ ਹੋਵੇਗਾ ਕਿ ਦੱਖਣੀ ਭਾਰਤ ਦੇ ਲੋਕ ਖਾਣਾ ਖਾਣ ਵੇਲੇ ਚਮਚੇ ਦੀ ਵਰਤੋਂ ਨਹੀਂ ਕਰਦੇ। ਦੂਸਰੇ ਸੂਬਿਆਂ ਤੇ ਖਾਸ ਕਰਕੇ ਪੰਜਾਬ ਵਾਲਿਆਂ ਲਈ ਚਮਚੇ ਤੋਂ ਬਿਨਾਂ ਖਾਣਾ ਖਾਣਾ ਮੁਸ਼ਕਿਲ ਹੁੰਦਾ ਹੈ। ਭੋਜਨ ਵਿੱਚ ਪਰੋਸੇ ਗਏ ਵੰਨ-ਸੁਵੰਨੇ ਪਕਵਾਨਾਂ ਦੇ ਸਵਾਦ ਤੇ ‘ਦੱਖਣੀ ਖੁਸ਼ਬੂ’ ਨੇ ਚਮਚਿਆਂ ਦੀ ਜ਼ਰੂਰੀ ਵਰਤੋਂ ਦੀ ਲੋੜ ਭੁਲਾ ਦਿੱਤੀ। ਇਹ ਆਪਣੀ ਥਾਂ ਹੈ ਕਿ ਚਮਚਿਆਂ ਦੀ ਮੰਗ ਵਾਲੀ ਗੱਲ ਪ੍ਰਬੰਧਕਾਂ ਤੱਕ ਪਹੁੰਚਣ ’ਤੇ ਚਮਚੇ ‘ਉਪਲੱਬਧ’ ਹੋਣ ਲੱਗ ਪਏ। ਇੱਕ ਲੰਗਰ ਹਾਲ ਵਿੱਚ ਛੇ ਸੌ ਬੰਦੇ ਨੂੰ ਬਿਨਾਂ ਕਤਾਰ ਵਿੱਚ ਲੱਗਿਆਂ ਇੱਕੋ ਵੇਲੇ ਭੋਜਨ ਛਕਾਉਣ ਦਾ ਤਰੀਕਾ ਕੋਈ ਦੱਖਣੀ ਭਾਰਤੀਆਂ ਕੋਲੋਂ ਸਿੱਖੇ।
ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦੀ ਰੋਟੀ ਖਾਣ ਉਪਰੰਤ ਸਾਰੇ ਮਹਿਮਾਨ ਸਵਾਦ-ਸਵਾਦ ਹੋਏ ਮਹਿਸੂਸ ਹੋਏ, ਖਾਸ ਕਰਕੇ ਪੰਜਾਬੀ। ਭੋਜਨ ਵਿੱਚ ਵਰਤਾਏ ਜਾਂਦੇ ਜ਼ਿਆਦਾ ਵਿਅੰਜਨਾਂ ਕਰਕੇ ਵਰਤਾਵਿਆਂ ਦੀ ਵੱਧ ਗਿਣਤੀ ਵੀ ਰੜਕਦੀ ਨਹੀਂ। ਪ੍ਰਬੰਧਕਾਂ ਦੀ ਬਾਜ਼ ਅੱਖ ਵੇਖਦੀ ਰਹਿੰਦੀ ਹੈ ਕਿ ਕੋਈ ਵਰਤਾਵਾ ਕੁਤਾਹੀ ਤਾਂ ਨਹੀਂ ਕਰਦਾ। ਰੋਟੀ ਆਰਾਮ ਨਾਲ ਹਜ਼ਮ ਹੋ ਜਾਣਾ ਵੀ ਇੱਕ ਅਹਿਮ ਪੱਖ ਹੈ। ਖੈਰ ਪੰਜਾਬ ਦੇ ਵੱਖ-ਵੱਖ ਡੈਲੀਗੇਟਾਂ ਦੇ ਪ੍ਰਭਾਵ ਤੋਂ ਇਹੋ ਗੱਲ ਸਾਹਮਣੇ ਆਈ ਕਿ ਉਹ ਨਾਗਾਪਟੀਨਮ ਦੇ ਵਾਸੀਆਂ ਦੀ ਪ੍ਰਾਹੁਣਚਾਰੀ ਨੂੰ ਚਿਰਾਂ ਤੱਕ ਚੇਤਿਆਂ ’ਚ ਵਸਾ ਕੇ ਰੱਖਣਗੇ। ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਅਤੇ ਪੈਰਾ ਮੈਡੀਕਲ ਲੈਬ ਐਜੂਕੇਸ਼ਨਲ ਐਂਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਡਾਕਟਰ ਸ਼ਾਂਤੀ ਦੀ ਅਗਵਾਈ ਵਿੱਚ ‘ਕਾਮਰੇਡ ਅਤੁਲ ਕੁਮਾਰ ਅਨਜਾਨ ਹਾਲ’ ਦੇ ਬਾਹਰ ਲਾਇਆ ਗਿਆ ਮੈਡੀਕਲ ਕੈਂਪ ਵੀ ਡੈਲੀਗੇਟਾਂ ਨੂੰ ਲੋੜ ਅਨੁਸਾਰ ਦਵਾਈਆਂ ਮੁਹੱਈਆ ਕਰਵਾਉਦਾ ਰਿਹਾ। ਇੱਕ ਗੱਲ ਹੋਰ, ਜਿਹੜੀ ਭਾਸ਼ਾ ਦੀ ਸਮੱਸਿਆ ਨਾਲ ਹੀ ਸੰਬੰਧਤ ਹੈ। ਕਾਨਫਰੰਸ ਵਾਲੀ ਥਾਂ ਦੋ ਕਿਤਾਬਾਂ ਦੇ ਸਟਾਲ ਲਾਏ ਗਏ ਸਨ। ਇੱਥੇ ਕੋਈ ਵੀ ਗੈਰ ਮਲਿਆਲਮ ਪੁਸਤਕ ਨਹੀਂ ਰੱਖੀ ਗਈ। ਹਿੰਦੀ ਜਾਂ ਪੰਜਾਬੀ ਤਾਂ ਛੱਡੋ ਅੰਗਰੇਜ਼ੀ ਦੀ ਵੀ ਕੋਈ ਕਿਤਾਬ ਉਪਲੱਬਧ ਨਹੀਂ ਹੈ। ਠਹਿਰਨ ਦੇ ਪ੍ਰਬੰਧ ਦਾ ਜ਼ਿਕਰ ਵੀ ਕੁਥਾਂ ਨਹੀਂ ਹੋਵੇਗਾ।ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਡੈਲੀਗੇਟਾਂ ਦੇ ਠਹਿਰਨ ਦਾ ਪ੍ਰਬੰਧ ਕਾਨਫਰੰਸ ਦੇ ਨਜ਼ਦੀਕ ਤੇ ਆਰਾਮਦਾਇਕ ਹੈ।





