ਮਾਨਸਾ : ਨੇੜਲੇ ਪਿੰਡ ਚਕੇਰੀਆਂ ਦੇ ਪੁਰਾਣੇ ਡੇਰੇ ਕੋਲ ਵੀਰਵਾਰ ਰਾਤ ਕੁੱਤੇ ਅੱਗੇ ਆ ਜਾਣ ਕਾਰਨ ਫਾਰਚੂਨਰ ਗੱਡੀ ਪਲਟ ਗਈ ਅਤੇ ਇੱਕ ਅਮਰੀਕੀ ਨਾਗਰਿਕ ਤੇ ਉਸ ਦੇ ਮਾਸੀ ਦੇ ਪੁੁੱਤ ਦੀ ਮੌਤ ਹੋ ਗਈ। ਉਨ੍ਹਾਂ ਦੇ ਦੋ ਦੋਸਤ ਜ਼ਖਮੀ ਹੋ ਗਏ। ਇਹ ਨੌਜਵਾਨ ਮਾਨਸਾ ਤੋਂ ਆਪਣੇ ਪਿੰਡ ਚਕੇਰੀਆਂ ਮੁੜ ਰਹੇ ਸਨ। ਅਮਰੀਕਾ ਵਾਸੀ ਗਗਨਦੀਪ ਸਿੰਘ ਮਾਨਸ਼ਾਹੀਆ ਦਾ ਲੰਘੀ 9 ਜਨਵਰੀ ਨੂੰ ਲੁਧਿਆਣਾ ਦੀ ਕੁੜੀ ਨਾਲ ਵਿਆਹ ਹੋਇਆ ਸੀ। ਉਸ ਨੇ ਥੋੜ੍ਹੇ ਦਿਨਾਂ ਤੱਕ ਅਮਰੀਕਾ ਮੁੜਨਾ ਸੀ। ਗਗਨਦੀਪ (27) ਮਾਸੀ ਦੇ ਮੁੰਡੇ ਅਮਨ ਵਾਸੀ ਧੂਰੀ ਤੇ ਦੋ ਦੋਸਤਾਂ ਹਰਮਨ ਸਿੰਘ ਤੇ ਲਵਜੀਤ ਸਿੰਘ ਨਾਲ ਵੀਰਵਾਰ ਦੀ ਰਾਤ ਚਕੇਰੀਆਂ ਤੋਂ ਮਾਨਸਾ ਕਿਸੇ ਕੰਮ ਗਿਆ ਸੀ। ਮੁੜਦਿਆਂ ਕਰੀਬ ਸਾਢੇ 10 ਵਜੇ ਚਕੇਰੀਆਂ ਦੇ ਪੁਰਾਣੇ ਡੇਰੇ ਲਾਗੇ ਉਨ੍ਹਾਂ ਦੀ ਗੱਡੀ ਅੱਗੇ ਕੁਝ ਕੁੱਤੇ ਆ ਗਏ। ਉਨ੍ਹਾਂ ਦਾ ਬਚਾਅ ਕਰਦੇ ਸਮੇਂ ਗੱਡੀ ਆਪਾ ਖੋ ਬੈਠੀ ਤੇ ਸੜਕ ’ਤੇ ਪਲਟੀਆਂ ਖਾਂਦੀ ਹੋਈ ਦੂਰ ਤੱਕ ਜਾ ਡਿੱਗੀ। ਅਮਨ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗਗਨਦੀਪ ਨੇ ਹਸਪਤਾਲ ’ਚ ਦਮ ਤੋੜ ਦਿੱਤਾ।





