ਚੰਡੀਗੜ੍ਹ (ਗੁਰਜੀਤ ਬਿੱਲਾ)
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਵਿੱਤੀ ਸਾਲ 2025-26 ਲਈ ਦਰਜਾ-4 (ਗਰੁੱਪ-ਡੀ) ਦੇ ਕਰਮਚਾਰੀਆਂ ਲਈ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕਰ ਦਿੱਤਾ ਗਿਆ ਹੈ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਰਜਾ-4 ਮੁਲਾਜ਼ਮਾਂ ਲਈ ਇਸ ਮਹੱਤਵਪੂਰਨ ਵਿੱਤੀ ਸਹਾਇਤਾ ਵਿੱਚ ਲਗਾਤਾਰ ਵਾਧਾ ਕਰਦਿਆਂ ਕਣਕ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ੇ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 21.25 ਫੀਸਦੀ ਦਾ ਵਾਧਾ ਕੀਤਾ ਹੈ। ਉਨ੍ਹਾ ਕਿਹਾ ਕਿ ਮੌਜੂਦਾ ਸਰਕਾਰ ਦੀ ਇਸ ਅਗਾਂਹਵਧੂ ਪਹੁੰਚ ਦੇ ਉਲਟ ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਵਰਗ ਦੀ ਅਣਦੇਖੀ ਕੀਤੀ ਜਾਂਦੀ ਰਹੀ।
ਵਿੱਤ ਮੰਤਰੀ ਨੇ ਕਿਹਾ ਕਿ ਦਰਜਾ-4 ਦੇ ਹਰੇਕ ਯੋਗ ਕਰਮਚਾਰੀ ਨੂੰ 9700 ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਨਾਲ ਉਹ ਮੌਜੂਦਾ ਸਰਕਾਰੀ ਦਰ ’ਤੇ 2425 ਰੁਪਏ ਪ੍ਰਤੀ ਕੁਇੰਟਲ ਪ੍ਰਤੀ ਪਰਵਾਰ ਚਾਰ ਕੁਇੰਟਲ ਦੇ ਹਿਸਾਬ ਨਾਲ ਕਣਕ ਦੀ ਖਰੀਦ ਕਰ ਸਕਣਗੇ। ਇਹ ਕਰਜ਼ਾ ਜੂਨ 2025 (ਜੁਲਾਈ 2025 ਵਿੱਚ ਭੁਗਤਾਨ ਯੋਗ) ਦੀ ਤਨਖ਼ਾਹ ਤੋਂ ਸ਼ੁਰੂ ਹੋ ਕੇ ਇਸੇ ਵਿੱਤੀ ਸਾਲ ਦੇ ਅੰਦਰ ਮੁਕੰਮਲ ਵਸੂਲੀ ਨੂੰ ਯਕੀਨੀ ਬਣਾਉਦੇ ਹੋਏ ਆਸਾਨ ਅੱਠ ਬਰਾਬਰ ਮਾਸਿਕ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ। ਉਨ੍ਹਾ ਕਿਹਾ ਕਿ ਪ੍ਰਵਾਨਤ ਰਾਸ਼ੀ 29 ਮਈ ਤੱਕ ਸੂਬਾ ਸਰਕਾਰ ਦੇ ਖਜ਼ਾਨੇ ਵਿੱਚੋਂ ਜਾਰੀ ਕਰ ਦਿੱਤੀ ਜਾਵੇਗੀ।