ਧਰਮ ਧਾਲੀਵਾਲ ’ਤੇ 30 ਲੱਖ ਦਾ ਇਨਾਮ

0
114

ਵੈਨਕੂਵਰ : ਉੁਂਟਾਰੀਓ ਦੀ ਪੀਲ ਪੁਲਸ ਨੇ ਢਾਈ ਸਾਲ ਪਹਿਲਾਂ ਮਿਸੀਸਾਗਾ ਦੇ ਗੈਸ ਸਟੇਸ਼ਨ (ਪੈਟਰੋਲ ਪੰਪ) ’ਤੇ ਕੰਮ ਕਰਦੀ ਪਤਨੀ ਦਾ ਕਤਲ ਕਰਕੇ ਭੱਜਣ ਵਾਲੇ ਵਿਅਕਤੀ ਦਾ ਥਹੁ-ਪਤਾ ਦੱਸਣ ’ਤੇ 3 ਜੂਨ ਤੱਕ ਉਸ ਨੂੰ ਫੜਾਉਣ ਬਦਲੇ 50 ਹਜ਼ਾਰ ਡਾਲਰ (30 ਲੱਖ ਰੁਪਏ) ਦੇਣ ਦਾ ਐਲਾਨ ਕੀਤਾ ਹੈ। ਧਰਮ ਧਾਲੀਵਾਲ (32) ਨਾਂਅ ਦੇ ਲੋੜੀਂਦੇ ਵਿਅਕਤੀ ਦੀ ਫੋਟੋ ਜਾਰੀ ਕਰਦਿਆਂ ਉਸ ਦਾ ਕੱਦ 5 ਫੁੱਟ ਸੱਤ ਇੰਚ ਅਤੇ ਭਾਰ 76 ਕਿੱਲੋ ਦੱਸਿਆ ਗਿਆ ਹੈ। ਸ਼ੱਕੀ ਦੋਸ਼ੀ ਦੇ ਦੋ ਰਿਸ਼ਤੇਦਾਰ ਅਮਰਜੀਤ ਧਾਲੀਵਾਲ (50) ਅਤੇ ਪਿ੍ਰਤਪਾਲ ਧਾਲੀਵਾਲ (25) ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਹਿਯੋਗ ਕਰਨ ਅਤੇ ਦੋਸ਼ੀ ਨੂੰ ਪਨਾਹ ਦੇਣ ਦੇ ਜੁਰਮ ਵਿੱਚ ਕਾਫੀ ਦੇਰ ਤੋਂ ਅਦਾਲਤ ਵਿੱਚ ਪੇਸ਼ੀਆਂ ਭੁਗਤ ਰਹੇ ਹਨ। ਜੁਰਮ ਕਰਨ ਤੋਂ ਪਹਿਲਾਂ ਦੋਸ਼ੀ ਘਰੇਲੂ ਹਿੰਸਾ ਦੇ ਕਈ ਮਾਮਲਿਆਂ ਵਿੱਚ ਜ਼ਮਾਨਤ ’ਤੇ ਸੀ।
ਘਟਨਾ 3 ਦਸੰਬਰ 2022 ਦੀ ਹੈ, ਜਦੋਂ ਪਵਨਪ੍ਰੀਤ ਕੌਰ (21) ਮਿਸੀਸਾਗਾ ਦੀ ਬਿ੍ਰਟਾਨੀਆ ਰੋਡ ਅਤੇ ਕਰੈਡਿਟ ਵਿਊ ਰੋਡ ਦੇ ਚੌਕ ਨੇੜੇ ਪੈਟਰੋ ਕੈਨੇਡਾ ਦੇ ਗੈਸ ਸਟੇਸ਼ਨ ’ਤੇ ਰਾਤ ਦੀ ਡਿਊਟੀ ਕਰ ਰਹੀ ਸੀ। ਪੁਲਸ ਕੋਲ ਮੌਜੂਦ ਸੀ ਸੀ ਟੀ ਵੀ ਫੁਟੇਜ਼ ਮੁਤਾਬਕ ਦੋਸ਼ੀ ਨੇ ਕਾਰ ਪਾਰਕ ਕੀਤੀ ਤੇ ਬੰਦੂਕ ਲੈ ਕੇ ਅੰਦਰ ਗਿਆ ਅਤੇ 21 ਸਾਲਾ ਪਵਨਪ੍ਰੀਤ ਕੌਰ ਨੂੰ ਕਈ ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋ ਗਿਆ। ਪਤਨੀ ਨੂੰ ਮਾਰਨ ਤੋਂ ਪਹਿਲਾਂ ਦੋਸ਼ੀ ਨੇ ਆਪਣੀ ਖੁਦਕੁਸ਼ੀ ਦੀ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ, ਜੋ ਮਗਰੋਂ ਝੂਠੀ ਸਾਬਤ ਹੋਈ, ਜਿਸ ਕਾਰਨ ਉਸ ’ਤੇ ਪਹਿਲਾ ਦਰਜਾ ਕਤਲ (ਸਾਜ਼ਿਸ਼ ਤਹਿਤ ਮਾਰਨਾ) ਦਾ ਮਾਮਲਾ ਦਰਜ ਹੋਇਆ।
ਗੋਲੀਬਾਰੀ ਤੋਂ ਬਾਅਦ ਦੋਸ਼ੀ ਨੂੰ ਤੇਜ਼ੀ ਨਾਲ ਭੱਜਦੇ ਵੇਖ ਕੇ ਇੱਕ ਪੁਲਸ ਅਫਸਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਦੋਸ਼ੀ ਦਾ ਪਿੱਛਾ ਕਰਨ ਦੀ ਬਜਾਏ ਸਟੋਰ ਦੇ ਅੰਦਰ ਜਾ ਕੇ ਪੀੜਤ ਨੂੰ ਤੜਪਦੀ ਵੇਖਿਆ ਤੇ ਹੰਗਾਮੀ ਮਦਦ ਸੱਦ ਕੇ ਹਸਪਤਾਲ ਪਹੁੰਚਾਇਆ। ਹਾਲਾਂਕਿ ਪਵਨਪ੍ਰੀਤ ਕੌਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਈ। ਜਾਂਚ ਦੌਰਾਨ ਪੁਲਸ ਨੇ ਦੋਸ਼ੀ ਵਿਰੁੱਧ ਠੋਸ ਸਬੂਤ ਇਕੱਤਰ ਕਰ ਲਏ ਹਨ, ਪਰ ਹੁਣ ਤੱਕ ਉਹ ਫੜਿਆ ਨਹੀਂ ਗਿਆ।