ਵੈਨਕੂਵਰ : ਪੀਲ ਪੁਲਸ ਨੇ ਕਰੋੜਾਂ ਰੁਪਏ ਦੀ ਕੀਮਤ ਵਾਲੀਆਂ ਲਗਜ਼ਰੀ ਕਾਰਾਂ ਚੋਰੀ ਕਰਕੇ ਹੋਰਨਾਂ ਮੁਲਕਾਂ ਵਿੱਚ ਭੇਜਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਗਿ੍ਰਫਤਾਰ ਕਰ ਲਿਆ ਹੈ, ਜਦੋਂਕਿ ਦੂਜੇ ਦੀ ਭਾਲ ਲਈ ਉਸ ਦੀ ਫੋਟੋ ਜਾਰੀ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਬਰੈਂਪਟਨ ਦੇ ਰਹਿਣ ਵਾਲੇ ਚਰਮੀਤ ਮਠਾਰੂ (29) ਅਤੇ ਨਿਖਿਲ ਸਿੱਧੂ (26) 4 ਨਵੰਬਰ 2023 ਨੂੰ ਲਗਜ਼ਰੀ ਕਾਰਾਂ ਕਿਰਾਏ ’ਤੇ ਦੇਣ ਵਾਲੇ ਸ਼ੋਅ ਰੂਮ ਦੀ ਤੋੜ-ਭੰਨ ਕਰਕੇ ਅੰਦਰ ਗਏ ਤੇ ਉੱਥੇ ਪਈਆਂ ਦਰਜਨਾਂ ਚਾਬੀਆਂ ਕਬਜ਼ੇ ਵਿੱਚ ਲੈ ਲਈਆਂ। ਮਗਰੋਂ ਇਨ੍ਹਾਂ ’ਚੋਂ ਦੋ ਚਾਬੀਆਂ ਨਾਲ ਇੱਕ ਜੀ ਐੱਮ ਸੀ ਕੰਪਨੀ ਦੀ ਐੱਸ ਯੂ ਵੀ ਅਤੇ ਇੱਕ ਰੌਲਜ਼ ਰਾਇਸ ਕਾਰ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਸਾਢੇ ਅੱਠ ਕਰੀਬ ਪੰਜ ਕਰੋੜ ਰੁਪਏ ਸੀ, ਉਥੋਂ ਭਜਾ ਕੇ ਲੈ ਗਏ ਤੇ ਸਮੁੰਦਰੀ ਰਸਤੇ ਵਿਦੇਸ਼ਾਂ ਨੂੰ ਭੇਜ ਦਿੱਤੀਆਂ। ਪੁਲਸ ਨੇ ਮਠਾਰੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਦਾਲਤ ’ਚੋਂ ਨਿਖਿਲ ਸਿੱਧੂ ਦੇ ਗਿ੍ਰਫਤਾਰੀ ਵਾਰੰਟ ਹਾਸਲ ਕਰਕੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ।