ਵੈਨਕੂਵਰ : ਇੱਥੇ ਵੱਸਦੇ ਫਿਲੀਪੀਨੇ ਭਾਈਚਾਰੇ ਵੱਲੋਂ ਮਨਾਏ ਜਾ ਰਹੇ ਰਵਾਇਤੀ ਮੇਲੇ ਮੌਕੇ ਵਾਹਨ ਚਾਲਕ ਸੈਂਕੜੇ ਲੋਕਾਂ ਨੂੰ ਕੁਚਲਦਾ ਨਿਕਲ ਗਿਆ। 9 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਦੱਸੇ ਜਾਂਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਿ੍ਰਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਐਬੀ ਅਤੇ ਸ਼ਹਿਰ ਦੇ ਮੇਅਰ ਕੈਨ ਸਿਮ ਨੇ ਇਸ ਮੰਦਭਾਗੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਸ਼ਨਿੱਚਰਵਾਰ ਰਾਤ 8 ਵਜੇ ਵਾਪਰੀ ਘਟਨਾ ਤੋਂ ਦੋ ਘੰਟੇ ਬਾਅਦ ਤੱਕ ਵੀ ਸਾਰੇ ਜ਼ਖਮੀਆਂ ਨੂੰ ਹਸਪਤਾਲ ਨਹੀਂ ਸੀ ਪਹੁੰਚਾਇਆ ਜਾ ਸਕਿਆ ਤੇ ਨਾ ਹੀ ਮਾਰੇ ਗਏ ਲੋਕਾਂ ਦੀ ਗਿਣਤੀ ਹੋ ਸਕੀ ਸੀ। ਘਟਨਾ ਵੈਨਕੂਵਰ ਦੇ ਪੂਰਬੀ-ਦੱਖਣੀ ਖੇਤਰ ਦੀ ਫਰੇਜ਼ਰ ਸਟਰੀਟ ਅਤੇ 41 ਐਵੇਨਿਊ ਕੋਲ ਵਾਪਰੀ। ਫਿਲਪੀਨੇ ਭਾਈਚਾਰੇ ਦੇ ਲੋਕਾਂ ਵਿੱਚ ਉਨ੍ਹਾਂ ਦੀ ਭਾਸ਼ਾ ’ਚ ਇਸ ਤਿਉਹਾਰ ਨੂੰ ਲਾਪੂ ਲਾਪੂ ਦਿਨ ਵਜੋਂ ਜਾਣਿਆ ਜਾਂਦਾ ਹੈ। ਸੱਭਿਅਤਾ ਨਾਲ ਜੁੜਿਆ ਇਹ ਤਿਉਹਾਰ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਪੁਲਸ ਨੇ ਵਾਹਨ ਦੇ ਏਸ਼ੀਆਈ ਮੂਲ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਚਸ਼ਮਦੀਦਾਂ ਅਨੁਸਾਰ ਦੁਖਦਾਈ ਘਟਨਾ ਇੱਕ ਫੂਡ ਟਰੱਕ ਕੋਲ ਵਾਪਰੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਕਤਾਰਾਂ ਬੰਨ੍ਹ ਕੇ ਖਾਣ-ਪੀਣ ਦਾ ਸਾਮਾਨ ਲੈਣ ਲਈ ਖੜ੍ਹੇ ਸਨ। ਸੜਕ ’ਤੇ ਦੂਰ ਤੱਕ ਡਿੱਗੇ ਹੋਏ ਲੋਕ ਵੇਖੇ ਗਏ, ਜਿਨ੍ਹਾਂ ’ਚੋਂ ਕੁਝ ਜ਼ਖ਼ਮੀ ਸਨ ਤੇ ਕੁਝ ਦੀ ਮੌਤ ਹੋ ਚੁੱਕੀ ਸੀ। ਐੱਨ ਡੀ ਪੀ ਪਾਰਟੀ ਪ੍ਰਧਾਨ ਜਗਮੀਤ ਸਿੰਘ ਮੇਲੇ ਵਿੱਚ ਕਾਫੀ ਦੇਰ ਤੱਕ ਸ਼ਾਮਲ ਰਹੇ ਤੇ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉੱਥੋਂ ਗਏ ਸਨ। ਉਨ੍ਹਾ ਕਿਹਾ ਕਿ ਘਟਨਾ ਬਾਰੇ ਸੁਣ ਕੇ ਉਹ ਸੁੰਨ ਹੋ ਗਏ।
ਜਾਣਕਾਰੀ ਅਨੁਸਾਰ 43 ਐਵੇਨਿਊ ਵੱਲੋਂ ਆਏ ਵਾਹਨ ਨੇ ਤੇਜ਼ੀ ਨਾਲ ਮੇਲੇ ਦੀ ਭੀੜ ਵਾਲੇ ਪਾਸੇ ਮੋੜ ਕੱਟਿਆ ਤੇ ਤੇਜ਼ ਰਫਤਾਰ ਨਾਲ ਲੋਕਾਂ ਨੂੰ ਕੁਚਲਦਾ ਹੋਇਆ ਦੂਰ ਤੱਕ ਚਲਦਾ ਗਿਆ। ਮਗਰੋਂ ਪੁਲਸ ਵੱਲੋਂ ਕਾਬੂ ਕੀਤੇ ਜਾਣ ਮੌਕੇ ਡਰਾਈਵਰ ਵਾਰ-ਵਾਰ ਮੁਆਫੀ ਮੰਗਦਾ ਰਿਹਾ ਤੇ ਉਸ ਦਾ ਵਤੀਰਾ ਕਿਸੇ ਮਾਨਸਿਕ ਰੋਗੀ ਵਰਗਾ ਨਜ਼ਰ ਆਉਂਦਾ ਸੀ। ਫੂਡ ਟਰੱਕ ਦੇ ਮਾਲਕ ਵਰਦੇਹ ਨੇ ਕਿਹਾ ਕਿ ਉਸ ਦੇ ਕੰਨਾਂ ਵਿੱਚ ਤੇਜ਼ ਰਫਤਾਰ ਟਰੱਕ ਦੇ ਇੰਜਣ ਦੀ ਆਵਾਜ਼ ਅਜੇ ਵੀ ਗੂੰਜ ਰਹੀ ਹੈ। ਆਸ-ਪਾਸ ਦੇ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਜਿਵੇਂ ਇਸ ਪੂਰੀ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਹੈ।