ਮੋਦੀ ਦਾ ਸਰਬ ਪਾਰਟੀ ਮੀਟਿੰਗ ’ਚ ਨਾ ਆਉਣਾ ਸ਼ਰਮਨਾਕ : ਖੜਗੇ

0
128

ਜੈਪੁਰ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਹਿਲਗਾਮ ਅੱਤਵਾਦੀ ਹਮਲੇ ਬਾਰੇ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵਰ੍ਹਦਿਆਂ ਭਾਜਪਾ ’ਤੇ ਦੇਸ਼ ਵਿੱਚ ਫੁੱਟ ਪਾਉਣ ਦੇ ਦੋਸ਼ ਲਗਾਏ ਹਨ। ਖੜਗੇ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ, ਹਰ ਕੋਈ ਇਕੱਠਿਆਂ ਲੜਨਾ ਚਾਹੁੰਦਾ ਹੈ, ਪਰ ਭਾਜਪਾ ਜ਼ਹਿਰ ਫੈਲਾਉਣਾ ਅਤੇ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ।
ਸੋਮਵਾਰ ਇੱਥੇ ‘ਸੰਵਿਧਾਨ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘ਇਹ ਦੇਸ਼ ਦੀ ਬਦਕਿਸਮਤੀ ਹੈਕਿ ਸਾਰੀਆਂ ਪਾਰਟੀਆਂ ਦੇ ਨੇਤਾ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਏ, ਪਰ ਸ਼ਰਮ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਹੀਂ ਆਏ।ਦੇਸ਼ ਦੇ ਮਾਣ ਨੂੰ ਠੇਸ ਪਹੁੰਚੀ, ਤੁਸੀਂ (ਪ੍ਰਧਾਨ ਮੰਤਰੀ ਮੋਦੀ) ਬਿਹਾਰ ਵਿੱਚ ਚੋਣ ਭਾਸ਼ਣ ਦੇ ਰਹੇ ਸੀ।’
ਉਨ੍ਹਾ ਕਿਹਾ ਕਿ ਕਾਂਗਰਸ ਨੇ ਪਹਿਲਗਾਮ ਹਮਲੇ ਦੇ ਜਵਾਬ ਵਜੋਂ ਸਰਕਾਰ ਦੇ ਕਦਮਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਦੇਸ਼ ਸਰਵਉੱਚ ਹੈ। ਉਨ੍ਹਾ ਕਿਹਾ, ‘ਦੇਸ਼ ਸਰਵਉੱਚ ਹੈ, ਫਿਰ ਪਾਰਟੀਆਂ ਅਤੇ ਧਰਮ ਆਉਂਦੇ ਹਨ। ਸਾਰਿਆਂ ਨੂੰ ਦੇਸ਼ ਲਈ ਇੱਕਜੁੱਟ ਹੋਣਾ ਚਾਹੀਦਾ ਹੈ।’ਉਨ੍ਹਾ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਤੇ ਲੱਖਾਂ ਲੋਕਾਂ ਨੇ ਆਪਣਾ ਖੂਨ ਵਹਾਇਆ ਅਤੇ ਇਸ ਉਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ।’ ਉਨ੍ਹਾ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ, ‘ਕੀ ਬਿਹਾਰ ਬਹੁਤ ਦੂਰ ਸੀ? ਪ੍ਰਧਾਨ ਮੰਤਰੀ ਨੂੰ ਸਰਬ ਪਾਰਟੀ ਮੀਟਿੰਗ ਵਿੱਚ ਆ ਕੇ ਸਰਕਾਰ ਦੀ ਯੋਜਨਾ ਬਾਰੇ ਦੱਸਣਾ ਚਾਹੀਦਾ ਸੀ। ਇਹ ਵੀ ਕਿ ਉਨ੍ਹਾ ਨੂੰ ਸਾਡੇ ਤੋਂ ਕੀ ਮਦਦ ਚਾਹੀਦੀ ਹੈ?’ ਉਨ੍ਹਾ ਕਿਹਾ, ‘ਇਹ ਭਾਜਪਾ ਅਤੇ ਪ੍ਰਧਾਨ ਮੰਤਰੀ ਦਾ ਰਵੱਈਆ ਹੈ। ਸਾਡੇ ਵੱਲੋਂ ਰਾਹੁਲ ਗਾਂਧੀ ਸ੍ਰੀਨਗਰ ਗਏ, ਜ਼ਖਮੀਆਂ ਨੂੰ ਮਿਲੇ ਅਤੇ ਲੋਕਾਂ ਨਾਲ ਗੱਲ ਕੀਤੀ। ਮੋਦੀ ਆਲ ਪਾਰਟੀ ਮੀਟਿੰਗ ਵਿੱਚ ਨਹੀਂ ਆਏ, ਪਰ ਗੱਲਾਂ ਵੱਡੀਆਂ-ਵੱਡੀਆਂ ਕਰਦੇ ਹਨ, 56 ਇੰਚ ਸੀਨੇ ਦੀਆਂ, ਹਮਲਾਵਰਾਂ ਦੇ ਘਰ ਜਾ ਕੇ ਮਾਰਨ ਦੀਆਂ।’