ਸੂਬੇ ਦੀ ਦਰਜਾ ਬਹਾਲੀ ਲਈ ਪਹਿਲਗਾਮ ਕਾਂਡ ਨੂੰ ਨਹੀਂ ਵਰਤਾਂਗਾ : ਉਮਰ ਅਬਦੁੱਲਾ

0
124

ਜੰਮੂ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਕਿਹਾ ਕਿ ਉਹ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਗਏ ਜੰਮੂ-ਕਸ਼ਮੀਰ ਦੇ ਰਾਜ ਦੇ ਦਰਜੇ ਦੀ ਬਹਾਲੀ ਲਈ ਪਹਿਲਗਾਮ ਅੱਤਵਾਦੀ ਹਮਲੇ ਦਾ ਫਾਇਦਾ ਉਠਾਉਂਦਿਆਂ ਕੇਂਦਰ ਉਤੇ ਦਬਾਅ ਨਹੀਂ ਪਾਉਣਗੇ। ਉਨ੍ਹਾ ਵਿਧਾਨ ਸਭਾ ਵਿੱਚ ਪਹਿਲਗਾਮ ਅੱਤਵਾਦੀ ਹਮਲੇ ’ਤੇ ਪਾਸ ਕੀਤੇ ਮਤੇ ਉਤੇ ਚਰਚਾ ਨੂੰ ਸਮੇਟਦਿਆਂ ਕਿਹਾ, ‘ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਕੇਂਦਰ ਸ਼ਾਸਤ ਪ੍ਰਦੇਸ਼ ਦੀ ਚੁਣੀ ਹੋਈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਪਰ ਮੈਂ ਇਸ ਮੌਕੇ ਨੂੰ ਰਾਜ ਦਾ ਦਰਜਾ ਮੰਗਣ ਲਈ ਨਹੀਂ ਵਰਤਾਂਗਾ। ਮੈਂ ਹੁਣ ਰਾਜ ਦਾ ਦਰਜਾ ਕਿਵੇਂ ਮੰਗ ਸਕਦਾ ਹਾਂ? ਮੈਂ ਸਸਤੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਕੀ ਮੈਨੂੰ 26 ਜਾਨਾਂ ਗੁਆਉਣ ਵਾਲਿਆਂ ਦੀ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ ਅਤੇ ਹੁਣ ਰਾਜ ਦਾ ਦਰਜਾ ਮੰਗਦਿਆਂ ਕੇਂਦਰ ਕੋਲ ਜਾਣਾ ਚਾਹੀਦਾ ਹੈ?’ ਉਹ ਸਦਨ ਵਿੱਚ ਕੁਝ ਮੈਂਬਰਾਂ ਦਾ ਹਵਾਲਾ ਦੇ ਰਹੇ ਸਨ, ਜਿਨ੍ਹਾਂ ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਹਰਾਉਣ ਲਈ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਸੀ।