ਆਪਣੀ ਵਾਰੀ…

0
146

26 ਨਵੰਬਰ 2008 ਨੂੰ ਮੁੰਬਈ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗੁਜਰਾਤ ਦੇ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ 28 ਨਵੰਬਰ ਨੂੰ ਮੁੰਬਈ ’ਚ ਪ੍ਰੈੱਸ ਕਾਨਫਰੰਸ ਕਰਕੇ ਡਾ. ਮਨਮੋਹਨ ਸਿੰਘ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਉਸ ਨੂੰ ਦੇਸ਼ ਦੀ ਰਾਖੀ ਕਰਨ ’ਚ ਨਾਕਾਮ ਰਹਿਣ ਦਾ ਦੋਸ਼ੀ ਠਹਿਰਾਇਆ ਸੀ। ਉਸੇ ਦਿਨ ਭਾਜਪਾ ਨੇ ਅਖਬਾਰਾਂ ’ਚ ਇੱਕ ਇਸ਼ਤਿਹਾਰ ਦੇ ਕੇ ਮਨਮੋਹਨ ਸਰਕਾਰ ਨੂੰ ਕਮਜ਼ੋਰ ਦੱਸਦਿਆਂ 29 ਨਵੰਬਰ ਨੂੰ ਹੋਣ ਵਾਲੀਆਂ ਦਿੱਲੀ ਅਸੈਂਬਲੀ ਦੀਆਂ ਚੋਣਾਂ ’ਚ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਡਾ. ਮਨਮੋਹਨ ਸਿੰਘ ਨੇ 11 ਦਸੰਬਰ ਨੂੰ ਸੰਸਦ ਵਿੱਚ ਖੜ੍ਹੇ ਹੋ ਕੇ ਮੁੰਬਈ ਹਮਲੇ ਲਈ ਦੇਸ਼ ਤੋਂ ਮੁਆਫੀ ਮੰਗੀ। ਉਨ੍ਹਾ ਕਿਹਾ, ‘ਮੈਂ ਪੂਰੇ ਦੇਸ਼ ਤੋਂ ਮੁਆਫੀ ਮੰਗਦਾ ਹਾਂ, ਕਿਉਕਿ ਅਸੀਂ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਵਿੱਚ ਨਾਕਾਮ ਰਹੇ।’ ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁਖ ਨੇ ਅਸਤੀਫੇ ਵੀ ਦੇ ਦਿੱਤੇ ਸਨ, ਪਰ ਅਜਮਲ ਕਸਾਬ ਨੂੰ ਫੜ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਕੇ ਉਸ ਦੇ ਪਾਕਿਸਤਾਨੀ ਹੋਣ ਦਾ ਸਬੂਤ ਦਿੱਤਾ ਗਿਆ ਤੇ ਮੁਕੱਦਮੇ ਦੇ ਬਾਅਦ ਉਸ ਨੂੰ ਫਾਂਸੀ ਦਿੱਤੀ ਗਈ। ਇਸ ਨੇ ਪਾਕਿਸਤਾਨ ਨੂੰ ਵਿਸ਼ਵ ਪੱਧਰ ’ਤੇ ਦਹਿਸ਼ਤਗਰਦੀ ਦੇ ਬਰਾਮਦਕਾਰ ਦੇ ਰੂਪ ਵਿੱਚ ਬੇਨਕਾਬ ਕਰ ਦਿੱਤਾ।
ਹੁਣ ਜਦ ਪਹਿਲਗਾਮ ਹਮਲੇ ਨੂੰ ਲੈ ਕੇ ਸਵਾਲ ਉਠ ਰਹੇ ਹਨ ਤਾਂ ਭਾਜਪਾ ਸਵਾਲ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦੇ ਰਹੀ ਹੈ। ਨੇਹਾ ਸਿੰਘ ਰਾਠੌਰ ਮਸ਼ਹੂਰ ਭੋਜਪੁਰੀ ਲੋਕ ਗਾਇਕਾ ਹੈ, ਜਿਹੜੀ ਸਮਾਜੀ ਮੁੱਦਿਆਂ ’ਤੇ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ। ਪਹਿਲਗਾਮ ਹਮਲੇ ਦੇ ਬਾਅਦ ਉਸ ਨੇ ਇੱਕ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹਮਲੇ ਦੀ ਵਰਤੋਂ ਬਿਹਾਰ ਚੋਣਾਂ ਵਿੱਚ ਸਿਆਸੀ ਲਾਹੇ ਲਈ ਕੀਤੀ ਜਾ ਸਕਦੀ ਹੈ। ਉਸ ਦੀ ਇਸ ਟਿੱਪਣੀ ਨਾਲ ਭਾਵਨਾਵਾਂ ਫੱਟੜ ਹੋ ਗਈਆਂ ਅਤੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਉਸ ਦੇ ਖਿਲਾਫ ਰਾਸ਼ਟਰਧ੍ਰੋਹ, ਨਫਰਤ ਪੈਦਾ ਕਰਨ ਤੇ ਕੌਮੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਾ ਕੇ ਐੱਫ ਆਈ ਆਰ ਦਰਜ ਕਰ ਦਿੱਤੀ ਗਈ। ਲਖਨਊ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਡਾ. ਮਾਦਰੀ ਕਟੂਟੀ ਆਪਣੀਆਂ ਵਿਅੰਗਾਤਮਕ ਸੋਸ਼ਲ ਮੀਡੀਆ ਪੋਸਟਾਂ ਲਈ ਜਾਣੀ ਜਾਂਦੀ ਹੈ। ਉਸ ਨੇ ਪਹਿਲਗਾਮ ਹਮਲੇ ਦੇ ਬਾਅਦ ਪੋਸਟ ਪਾਈ, ‘ਧਰਮ ਪੁੱਛ ਕੇ ਗੋਲੀ ਮਾਰਨਾ ਦਹਿਸ਼ਤਗਰਦੀ ਹੈ, ਪਰ ਧਰਮ ਪੁੱਛ ਕੇ ਲਿੰਚ ਕਰਨਾ, ਨੌਕਰੀ ਤੋਂ ਕੱਢਣਾ, ਮਕਾਨ ਨਾ ਦੇਣਾ ਤੇ ਬੁਲਡੋਜ਼ਰ ਚਲਾਉਣਾ ਵੀ ਦਹਿਸ਼ਤਗਰਦੀ ਹੈ।’ ਭਾਜਪਾ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਏ ਬੀ ਵੀ ਪੀ ਨੇ ਯੂਨੀਵਰਸਿਟੀ ਵਿੱਚ ਧਰਨਾ ਦਿੱਤਾ ਤੇ ਐੱਫ ਆਈ ਆਰ ਦਰਜ ਕਰਾਈ। ਯੂਨੀਵਰਸਿਟੀ ਨੇ ਵੀ ਪ੍ਰੋਫੈਸਰ ਨੂੰ ਨੋਟਿਸ ਜਾਰੀ ਕਰ ਦਿੱਤਾ। ਜਿਓਤਿਸ਼ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਪਹਿਲਗਾਮ ਹਮਲੇ ’ਤੇ ਸਵਾਲ ਚੁੱਕਦਿਆਂ ਕਿਹਾ, ‘ਜਦ ਸਾਡੇ ਘਰ ਵਿੱਚ ਚੌਕੀਦਾਰ ਹੈ ਤੇ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਚੌਕੀਦਾਰ ਨੂੰ ਫੜਾਂਗੇ, ਪਰ ਇੱਥੇ ਅਜਿਹਾ ਕੁਝ ਨਹੀਂ ਹੋ ਰਿਹਾ।’ ਜ਼ਾਹਰ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਲਾ ਰਹੇ ਸਨ। ਉਧਰ, ਗੋਵਰਧਨ ਮੱਠ ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਨੇ ਤਾਂ ਕੁਝ ਮਹੀਨੇ ਪਹਿਲਾਂ ਮੋਦੀ ਨੂੰ ਦਹਿਸ਼ਤਗਰਦੀ ਦਾ ਹਾਮੀ ਕਹਿ ਦਿੱਤਾ ਸੀ। ਉਨ੍ਹਾ ਕਿਹਾ ਸੀ ਕਿ ਜੇ ਦੇਸ਼ ਵਿੱਚ ਮਜ਼ਬੂਤ ਨਿਆਂ ਵਿਵਸਥਾ ਹੁੰਦੀ ਤਾਂ ਮੋਦੀ ਤੇ ਯੋਗੀ ਜੇਲ੍ਹ ਵਿੱਚ ਹੁੰਦੇ, ਪਰ ਇਨ੍ਹਾਂ ਸ਼ੰਕਰਾਚਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਸਾਫ ਹੈ ਕਿ ਸਰਕਾਰ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਸਭ ਤੋਂ ਵੱਡਾ ਸਵਾਲ ਹੈ ਕਿ ਕੀ ਸਰਕਾਰ ਦੀ ਆਲੋਚਨਾ ਦੇਸ਼ ਦੀ ਆਲੋਚਨਾ ਹੈ? ਜੇ ਅਜਿਹਾ ਹੈ ਤਾਂ 2008 ਵਿੱਚ ਮੁੰਬਈ ਹਮਲੇ ਦੇ ਸਮੇਂ ਭਾਜਪਾ ਦਾ ਰੁਖ ਵੀ ਦੇਸ਼ਧੋ੍ਰਹ ਦੀ ਸ਼੍ਰੇਣੀ ਵਿੱਚ ਆਵੇਗਾ, ਜਦ ਮੋਦੀ ਨੇ ਪ੍ਰੈੱਸ ਕਾਨਫਰੰਸ ਕਰਕੇ ਮਨਮੋਹਨ ਸਰਕਾਰ ’ਤੇ ਹਮਲਾ ਕੀਤਾ ਸੀ, ਕਿਸੇ ਨੇ ਉਨ੍ਹਾਂ ’ਤੇ ਦੇਸ਼ਧ੍ਰੋਹ ਦਾ ਦੋਸ਼ ਨਹੀਂ ਲਾਇਆ ਸੀ।