ਤਿਰੁਅਨੰਤਪੁਰਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਵਿਜ਼ਿੰਝਮ ਕੌਮਾਂਤਰੀ ਸਮੁੰਦਰੀ ਬੰਦਰਗਾਹ ਦੇ ਪਹਿਲੇ ਪੜਾਅ ਦਾ ਰਸਮੀ ਉਦਘਾਟਨ ਕੀਤਾ। ਇਸ ਬੰਦਰਗਾਹੀ ਪ੍ਰਾਜੈਕਟ ਨੂੰ 8,867 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਉਨ੍ਹਾ ਕੇਰਲਾ ਦੇ ਰਾਜਪਾਲ ਰਾਜੇਂਦਰ ਆਰਲੇਕਰ, ਮੁੱਖ ਮੰਤਰੀ ਪਿਨਾਰਈ ਵਿਜਯਨ, ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਤਿਰੁਅਨੰਤਪੁਰਮ ਤੋਂ ਕਾਂਗਰਸ ਐੱਮ ਪੀ ਸ਼ਸ਼ੀ ਥਰੂਰ ਦੀ ਮੌਜੂਦਗੀ ਵਿੱਚ ਉਦਘਾਟਨ ਕੀਤਾ।
ਟਾਂਚ ਕਰਨ ਦੇ ਆਪਣੇ ਸੁਭਾਅ ਮੁਤਾਬਕ ਮੋਦੀ ਨੇ ਇਸ ਮੌਕੇ ਕਿਹਾ, ‘ਅੱਜ ਦਾ ਸਮਾਗਮ ਬਹੁਤ ਸਾਰੇ ਲੋਕਾਂ ਦੀ ਨੀਂਦ ਹਰਾਮ ਕਰ ਦੇਵੇਗਾ।’ ਉਨ੍ਹਾ ਦਾ ਸੰਕੇਤ ਵਿਜਿਅਨ ਤੇ ਥਰੂਰ ਦੀ ਸਾਂਝੀ ਮੌਜੂਦਗੀ ਦੇ ਮੱਦੇਨਜ਼ਰ ‘ਇੰਡੀਆ’ ਬਲਾਕ ਅੰਦਰ ਪਾਈ ਜਾ ਰਹੀ ਕਥਿਤ ਬੇਚੈਨੀ ਵੱਲ ਸੀ। ਸਮਾਗਮ ਦੌਰਾਨ ਅਧਿਕਾਰਤ ਮਲਿਆਲਮ ਅਨੁਵਾਦਕ ਮੋਦੀ ਦਾ ਭਾਵ ਸਹੀ ਢੰਗ ਨਾਲ ਨਹੀਂ ਪ੍ਰਗਟਾ ਸਕਿਆ, ਇਸ ’ਤੇ ਪ੍ਰਧਾਨ ਮੰਤਰੀ ਨੇ ਕਿਹਾ, ‘ਸੁਨੇਹਾ ਜਿੱਥੇ ਜਾਣਾ ਚਾਹੀਦਾ ਸੀ, ਉੱਥੇ ਚਲਾ ਗਿਆ ਹੈ।’ਇਸ ਦੇ ਜਵਾਬ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘ਸਾਨੂੰ ਕੋਈ ਫਿਕਰ ਨਹੀਂ, ਅਸੀਂ ਸ਼ਾਂਤੀ ਨਾਲ ਸੌਂਵਾਂਗੇ। ਇਹ ਪ੍ਰਧਾਨ ਮੰਤਰੀ ਹਨ, ਜਿਨ੍ਹਾ ਦੀ ਰਾਤਾਂ ਦੀ ਨੀਂਦ ਉਡੀ ਹੋਈ ਹੈ।’ ਉਨ੍ਹਾ ਨਾਲ ਹੀ ਕਿਹਾ, ‘ਮੈਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਧਾਨ ਮੰਤਰੀ ਕੋਲ ਅਜਿਹੇ ਬਿਆਨ ਦੇਣ ਦਾ ਕੀ ਆਧਾਰ ਹੈ।’




