ਸ਼ਾਹਕੋਟ (ਸਟਾਫ ਰਿਪੋਰਟਰ)
ਤਰਕਸ਼ੀਲ ਸੁਸਾਇਟੀ ਪੰਜਾਬ, ਖੇਤ ਮਜ਼ਦੂਰ ਜਥੇਬੰਦੀਆਂ, ਡੀ ਟੀ ਐੱਫ ਅਤੇ ਸਮਾਜ ਦੇ ਚੇਤਨ ਹਿੱਸੇ ਨਾਲ ਸੰਬੰਧਤ ਬੁੱਧੀਜੀਵੀਆਂ ਦੇ ਵਿਚਾਲੇ ਇੱਥੇ ਮਜ਼ਦੂਰ ਵਰਗ ਦੀ ਹੋਣੀ ’ਤੇ ਹੋਈ ਵਿਚਾਰ-ਚਰਚਾ ਵਿੱਚ ਜਿੱਥੇ ਆਰੀਆ ਅਨਾਰੀਆਂ ਦੀ ਗੱਲ ਹੋਈ, ਜਾਤ-ਪਾਤ ਦੀ ਵਿਚਾਰਧਾਰਾ ਦੀਆਂ ਸੱਭਿਆਚਾਰਕ ਤੇ ਆਰਥਕ ਜੜ੍ਹਾਂ ਨੂੰ ਫਰੋਲਿਆ ਗਿਆ, ਮਜ਼ਦੂਰ ਦੀ ਪਰਿਭਾਸ਼ਾ ਦਾ ਜ਼ਿਕਰ ਵਿਗਿਆਨਿਕ ਨਜ਼ਰੀਏ ਤੋਂ ਹੋਇਆ, ਲੁਟੇਰੀ ਜਮਾਤ ਦੇ ਖਾਸੇ ਦੀ ਗੱਲ ਹੋਈ, ਪੈਦਾਵਾਰ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਹੋਈ, ਥੁੜ੍ਹਾਂ ਮਾਰਿਆਂ ਲਈ ਜਥੇਬੰਦੀਆਂ ਦੀ ਭੂਮਿਕਾ ’ਤੇ ਵੀ ਚਰਚਾ ਹੋਈ, ਉਥੇ ਜ਼ਮੀਨ ਦੀ ਵੰਡ ਦੇ ਮਹੱਤਵਪੂਰਨ ਵਿਸ਼ੇ ’ਤੇ ਹੋਈਆਂ ਵਿਚਾਰਾਂ ਨੇ ਸਾਬਤ ਕੀਤਾ ਕਿ ਬੇਜ਼ਮੀਨੇ ਲੋਕਾਂ ਦੀਆਂ ਸੌ ਮਰਜ਼ਾਂ ਦੀ ਦਵਾ ਸਿਰਫ ਤੇ ਸਿਰਫ ਜ਼ਮੀਨ ਪ੍ਰਾਪਤੀ ਹੀ ਹੋ ਸਕਦੀ ਹੈ।
ਵਿਚਾਰ-ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਡੀ ਟੀ ਐੱਫ ਦੇ ਆਗੂ ਮਾਸਟਰ ਅਵਤਾਰ ਲਾਲ ਨੇ ਸੁਰਜੀਤ ਪਾਤਰ ਦੀ ਕਵਿਤਾ ‘ਉੱਠ ਜਗਾ ਦੇ ਮੋਮਬੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾਂ ਕੁਪੱਤੀਆਂ…..’ ਤਰੰਨਮ ’ਚ ਪੇਸ਼ ਕਰਕੇ ਚਾਨਣ ਦਾ ਛੱਟਾ ਦੇਣ ਦਾ ਹੋਕਾ ਦਿੱਤਾ। ਇਸੇ ਤਰ੍ਹਾਂ ਦੇਸ ਰਾਜ ਜਾਫਰਵਾਲ ਤੇ ਅਮੀਸ਼ ਬਾਗਪੁਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਜ਼ਦੂਰ ਦੀ ਬਾਤ ਪਾਈ। ਨਛੱਤਰ ਨੇ ਹਰਮੇਸ਼ ਮਾਲੜੀ ਦੀਆਂ ਕਵਿਤਾਵਾਂ ‘ਇਹੋ ਜੀਣ ਹਮਾਰਾ’ ਤੇ ‘ਲੱਖਾਂ ਧੀਆਂ ਪੇਟ ਦੀ ਖਾਤਰ ਪੈਰੀਂ ਘੁੰਗਰੂ ਪਾਏ..’ ਰਾਹੀਂ ਮਜ਼ਦੂਰ ਵਰਗ ਦੇ ਦਰਦ ਨੂੰ ਬਿਆਨ ਕੀਤਾ। ਉਪਰੰਤ ਤਰਕਸ਼ੀਲ ਆਗੂ ਜਿੰਦਰ ਬਾਗਪੁਰ ਨੇ ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਹਰਮੇਸ਼ ਮਾਲੜੀ ਨੂੰ ਆਪਣੀ ਗੱਲ ਕਹਿਣ ਦਾ ਸੱਦਾ ਦਿੱਤਾ। ਮਾਲੜੀ ਨੇ ਮਜ਼ਦੂਰ (ਤੇ ਖਾਸ ਕਰਕੇ ਦਲਿਤ) ਵਰਗ ਦੀ ਹੋਣੀ ਨੂੰ ਗੁਲਾਮਦਾਰੀ ਯੁੱਗ ਤੋਂ ਲੈ ਕੇ ਮੌਜੂਦਾ ਹਾਕਮਾਂ ਵੱਲੋਂ 29 ਕਿਰਤ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡਜ਼ ਬਣਾਉਣ ਤੱਕ ਦੇ ਵਰਤਾਰੇ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕਰ ਦਿੱਤਾ। ਉਹਨਾ ਕਿਹਾ ਕਿ ਸੰਸਾਰ ਭਰ ਦੇ ਮਜ਼ਦੂਰਾਂ ਦੀ ਹੋਣੀ ਇੱਕ ਹੀ ਹੈ। ਮਜ਼ਦੂਰ ਦੀ ਪਰਿਭਾਸ਼ਾ ਦੱਸਦਿਆਂ ਮਾਲੜੀ ਨੇ ਕਿਹਾ ਕਿ ਖੇਤਾਂ ’ਚ ਕੰਮ ਕਰਨ ਵਾਲਾ ਜੇਕਰ ਮਜ਼ਦੂਰ ਹੈ ਤਾਂ ਕਾਲਜ ਵਿੱਚ ਪੜ੍ਹਾਉਣ ਵਾਲਾ ਪ੍ਰੋਫੈਸਰ ਵੀ ਇਸੇ ਵਰਗ ਵਿੱਚ ਆਉਦਾ ਹੈ। ਲੁਟੇਰੀ ਜਮਾਤ ਨੇ ਆਪਣੀ ਉਮਰ ਵਧਾਉਣ ਲਈ ਕਿਰਤੀਆਂ ਦੇ ਵਰਗੀਕਰਨ ਦਾ ਵਿਸਥਾਰ ਕਰ ਦਿੱਤਾ ਹੈ। ਆਪਣੀ ਗੱਲ ਨੂੰ ਅੱਗੇ ਤੋਰਦਿਆਂ ਮਾਲੜੀ ਨੇ ਕਿਹਾ ਕਿ ਪੈਦਾਵਾਰ ਦਾ ਖਾਸਾ ਸਮੂਹਿਕ ਹੈ, ਪਰ ਮਾਲਕੀ ਨਿੱਜੀ ਹੈ। ਮਾਲਕੀ ਵੀ ਸਮੂਹਿਕ ਹੋ ਜਾਵੇ ਤਾਂ ਆਰਥਿਕ ਪਾੜੇ ਦੀ ਸਮੱਸਿਆ ਹੱਲ ਹੋ ਸਕਦੀ ਹੈ।
ਜਾਤ-ਪਾਤ ਦੀ ਗੱਲ ਕਰਦਿਆਂ ਸਾਥੀ ਮਾਲੜੀ ਨੇ ਵਿਸਥਾਰਤ ਵਿਸ਼ੇ ਨੂੰ ਸੰਖੇਪ ਵਿੱਚ ਵਰਨਣ ਕਰਦਿਆਂ ਕਿਹਾ ਕਿ ਪੱਥਰ ਯੁੱਗ ਤੋਂ ਅੱਜ ਤੱਕ ਇਸ ਸਿਸਟਮ ਨੂੰ ਕਾਇਮ ਰੱਖਿਆ ਗਿਆ ਹੈ। ਕਬੀਲਾ ਯੁੱਗ ਵਿੱਚ ਯੁੱਧਾਂ ਵਿੱਚ ਹਾਰੇ ਹੋਏ ਕਬੀਲਿਆਂ ਨੂੰ ਗੁਲਾਮ ਬਣਾ ਲਿਆ ਜਾਂਦਾ ਸੀ। ਹੋਰ ਦੇਸ਼ਾਂ ਵਿੱਚ ਤਾਂ ਵਕਤ ਗੁਜ਼ਰਨ ਨਾਲ ਗੁਲਾਮਦਾਰੀ ਮੁੱਕ ਗਈ, ਪਰ ਭਾਰਤ ਵਿੱਚ ਇਹ ਵੱਖਰੇ ਰੂਪ ਵਿੱਚ ਅੱਜ ਵੀ ਬਰਕਰਾਰ ਹੈ। ਉਦੋਂ ਦੇ ਹਾਰੇ ਹੋਏ ਕਬੀਲੇ ਹੀ ਅੱਜ ਦੇ ਦਲਿਤ ਹਨ।
ਆਰੀਆ ਲੋਕਾਂ ਦੇ ਭਾਰਤ ਵਿੱਚ ਆਉਣ ਦੀ ਗੱਲ ਕਰਦਿਆਂ ਮਾਲੜੀ ਨੇ ਕਿਹਾ ਕਿ ਉਨ੍ਹਾਂ ਹਾਰੇ ਹੋਏ ਰਾਜੇ-ਮਹਾਰਾਜਿਆਂ ਨੂੰ ਤਾਂ ਉਪਾਧੀਆਂ ਦੇ ਕੇ ਆਪਣੇ ਵਿੱਚ ਮਿਲਾ ਲਿਆ, ਪਰ ਗੁਲਾਮਾਂ ਨੂੰ ਗੁਲਾਮ ਹੀ ਰੱਖਿਆ। ਇਹ ਸਿਲਸਿਲਾ ਚਲਦਾ-ਚਲਦਾ 1947 ਆ ਗਿਆ। ਆਜ਼ਾਦੀ ਤੋਂ ਬਾਅਦ ਵੀ ਦਲਿਤਾਂ ਨੂੰ ਜ਼ਮੀਨਾਂ ਤੋਂ ਵਿਰਵੇ ਹੀ ਰੱਖਿਆ ਗਿਆ। ਉਹਨਾ ਕਿਹਾ ਕਿ ਭਾਰਤ ਵਿੱਚ ਜਾਤ-ਪਾਤ ਸਿਸਟਮ ਨੂੰ ਪੱਕਾ ਰੱਖਣ ਲਈ ਮਨੂ ਸਿਮਰਤੀ ਜ਼ਿੰਮੇਵਾਰ ਹੈ। ਅੱਜ ਵੀ ਹਾਕਮ ਮਨੂ ਸਿਮਰਤੀ ਅਨੁਸਾਰ ਹੀ ਕਾਰਜਸ਼ੀਲ ਹਨ। ਇਸ ਵਿਚਾਰਧਾਰਾ ਨੂੰ ਰੱਦ ਕਰਨਾ ਹੋਵੇਗਾ। ਇਹ ਗੱਲ ਸਾਡੀ ਸਮਝ ਦਾ ਹਿੱਸਾ ਹੋਣੀ ਚਾਹੀਦੀ ਹੈ ਕਿ ਜ਼ਮੀਨ ਪ੍ਰਾਪਤੀ ਹੀ ਦਲਿਤ ਵਰਗ ਦੇ ਹਾਲਾਤ ਸੁਧਾਰੇਗੀ।ਸਵਾਲ-ਜਵਾਬ ਦਾ ਦੌਰ ਵੀ ਵਿਚਾਰ-ਚਰਚਾ ਦਾ ਮਹੱਤਵਪੂਰਨ ਹਿੱਸਾ ਹੋ ਨਿਬੜਿਆ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਗਿਆਨ ਸੈਦਪੁਰੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਪਾਲ ਬਿੱਟਾ ਦੀ ਪ੍ਰਧਾਨਗੀ ਹੇਠ ਹੋਈ ਵਿਚਾਰ-ਚਰਚਾ ਨੂੰ ਸਮੇਟਦਿਆਂ ਮਾਸਟਰ ਰਜਿੰਦਰ ਭਦੌੜ ਨੇ ਕਿਹਾ ਕਿ ਵਿਚਾਰ-ਚਰਚਾ ਨੇ ਸਾਨੂੰ ਮਜ਼ਦੂਰ ਜਮਾਤ ਦੀ ਬੰਦਖਲਾਸੀ ਲਈ ਸਾਂਝੀ ਸਰਗਰਮੀ ਲਈ ਪ੍ਰੇਰਨਾ ਦਿੱਤੀ ਹੈ।ਉਨ੍ਹਾ ਧਾਰਮਿਕਤਾ ਦੇ ਨਕਾਰਾਤਮਿਕ ਪੱਖਾਂ ’ਤੇ ਵੀ ਰੌਸ਼ਨੀ ਪਾਈ। ਉਹਨਾ ਸਮਾਜ ਅੰਦਰ ਚੇਤਨਤਾ ਦੀ ਘਾਟ ਦੀ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਹੁਲਾਰਾ ਦੇਣ ਲਈ ਵੱਡੇ ਯਤਨਾਂ ਦੀ ਲੋੜ ਹੈ।
ਵਿਚਾਰ-ਚਰਚਾ ਵਿੱਚ ਤਰਕਸ਼ੀਲ ਆਗੂ ਸੁਖਵਿੰਦਰ ਬਾਗਪੁਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੁਖਜਿੰਦਰ ਲਾਲੀ ਆਦਿ ਨੇ ਵੀ ਹਿੱਸਾ ਲਿਆ। ਇਸ ਮੌਕੇ ਦੂਰਦਰਸ਼ਨ ਦੇ ਪ੍ਰੋਗਰਾਮ ਐਂਕਰ ਡਾ. ਨਗਿੰਦਰ ਸਿੰਘ ਬਾਂਸਲ, ਤਰਕਸ਼ੀਲ ਆਗੂ ਪਾਲ ਬਾਗਪੁਰ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਗੁਰਮੀਤ ਕੋਟਲੀ, ਸ਼ਾਇਰ ਮੋਹਣ ਮਤਿਆਲਵੀ, ਅਮਨ ਬਾਗਪੁਰ, ਅਸ਼ਵਨੀ ਕੁਮਾਰ ਭੁੱਟੋ, ਬਿੱਟੂ ਰੂਪੇਵਾਲੀ, ਨਿਰਮਲ ਸਿੰਘ ਮਲਸੀਆਂ, ਸਤਨਾਮ ਸਿੰਘ ਨੀਟਾ, ਡਾ. ਰੇਸ਼ਮ, ਮਾਸਟਰ ਸੁਖਵਿੰਦਰ ਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।





