ਮਾਰੇ ਗਏ ਸੈਲਾਨੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਪਟੀਸ਼ਨ

0
137

ਚੰਡੀਗੜ੍ਹ : ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ’ਚ ਮਾਰੇ ਗਏ 26 ਨਿਹੱਥੇ ਸੈਲਾਨੀਆਂ ਨੂੰ ਮਰਨ ਉਪਰੰਤ ‘ਸ਼ਹੀਦ’ ਦਾ ਦਰਜਾ ਦੇਣ ਦੀ ਮੰਗ ਕਰਦੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਹੈ। ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਵਕੀਲ ਆਯੂਸ਼ ਆਹੂਜਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਵਿੱਚ ਇਸ ਲਈ ਪ੍ਰਧਾਨ ਮੰਤਰੀ ਦਫਤਰ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਆਹੂਜਾ ਨੇ ਪੀੜਤਾਂ ਦੇ ਬੁੱਤ ਸਥਾਪਤ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ’ਤੇੇ ਸੁਨਹਿਰੀ ਅੱਖਰਾਂ ਵਿੱਚ ਉਨ੍ਹਾਂ ਦੇ ਨਾਂਅ ਲਿਖੇ ਹੋਣ। ਪਟੀਸ਼ਨਰ ਨੇ ਹਮਲੇ ਵਾਲੀ ਥਾਂ ਦਾ ਨਾਂਅ ‘ਯਾਦਗਾਰੀ ਸ਼ਹੀਦ/ਸ਼ਹੀਦ ਹਿੰਦੂ ਵੈਲੀ ਟੂਰਿਸਟ ਪਲੇਸ’ ਰੱਖਣ ਦੀ ਮੰਗ ਵੀ ਕੀਤੀ ਹੈ।
‘ਪਤੀ ਨੂੰ ਸ਼ਹੀਦ ਦਾ ਦਰਜਾ ਮਿਲੇ’
ਕਾਨਪੁਰ (ਯੂ ਪੀ) : ਪਹਿਲਗਾਮ ਦੇ ਬੈਸਰਨ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਪੀੜਤਾਂ ਵਿੱਚੋਂ ਇਕ ਸ਼ੁਭਮ ਦਿਵੇਦੀ ਦੀ ਪਤਨੀ ਅਸ਼ਾਨਿਆ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਹੁਣ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਹੈ। ਉਸ ਨੇ ਕਿਹਾ, “ਨਾ ਤਾਂ ਸ਼ੁਭਮ ਨੂੰ ਸ਼ਹੀਦ ਵਜੋਂ ਮਾਨਤਾ ਮਿਲੀ ਹੈ, ਨਾ ਹੀ ਸਰਕਾਰ ਨੇ ਕਤਲਾਂ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਖਤਮ ਕੀਤਾ ਹੈ। ਮੈਨੂੰ ਨੌਕਰੀ ਜਾਂ ਪੈਸਾ ਨਹੀਂ ਚਾਹੀਦਾ, ਸਿਰਫ ਆਪਣੇ ਸ਼ੁਭਮ ਲਈ ਸ਼ਹੀਦ ਦਾ ਦਰਜਾ ਚਾਹੀਦਾ। ਮੈਂ ਇਸ ਦਰਦ ਨੂੰ ਆਪਣੀ ਬਾਕੀ ਦੀ ਜ਼ਿੰਦਗੀ ’ਚ ਸਹਿਣ ਕਰਾਂਗੀ।’’