ਦਹਿਸ਼ਤਗਰਦਾਂ ਦੀ ਹਮਾਇਤ ਕਰਕੇ ਨੁਕਸਾਨ ਉਠਾਇਆ : ਬਿਲਾਵਲ

0
116

ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਦਹਿਸ਼ਤਗਰਦ ਗਰੁੱਪਾਂ ਨਾਲ ਬੀਤੇ ਵਿੱਚ ਲਿੰਕ ਰੱਖ ਕੇ ਨੁਕਸਾਨ ਉਠਾਇਆ ਹੈ,ਪਰ ਦੇਸ਼ ਨੇ ਗਲਤੀਆਂ ਤੋਂ ਸਿੱਖਿਆ ਹੈ ਤੇ ਸੁਧਾਰ ਕੀਤੇ ਹਨ। ‘ਸਕਾਈ ਨਿਊਜ਼’ ਦੀ ਯਾਲਦਾ ਹਕੀਮ ਨਾਲ ਵੀਰਵਾਰ ਇੰਟਰਵਿਊ ਵਿੱਚ ਬਿਲਾਵਲ ਨੇ ਕਿਹਾ, ‘‘ਇਹ ਕੋਈ ਲੁਕੋਣ ਵਾਲੀ ਗੱਲ ਨਹੀਂ ਕਿ ਪਾਕਿਸਤਾਨ ਦੇ ਦਹਿਸ਼ਤਗਰਦਾਂ ਨਾਲ ਲਿੰਕ ਰਹੇ ਹਨ ਅਤੇ ਇਸ ਦੇ ਨਤੀਜੇ ਵਜੋਂ ਇਸ ਨੇ ਨੁਕਸਾਨ ਉਠਾਇਆ ਹੈ। ਅਸੀਂ ਅੱਤਵਾਦ ਦੀਆਂ ਹਨੇਰੀਆਂ ਵਿੱਚੋਂ ਲੰਘੇ ਹਾਂ, ਪਰ ਨੁਕਸਾਨ ਤੋਂ ਅਸੀਂ ਸਬਕ ਵੀ ਸਿੱਖੇ ਹਨ। ਅਸੀਂ ਆਪਣੇ ਵਿੱਚ ਸੁਧਾਰ ਵੀ ਕੀਤੇ ਹਨ। ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੀ ਬੀਤੇ ਦਿਨੀਂ ਯਾਲਦਾ ਹਕੀਮ ਨੂੰ ਦਿੱਤੀ ਇੰਟਰਵਿਊ ਵਿੱਚ ਮੰਨਿਆ ਸੀ ਕਿ ਪਾਕਿਸਤਾਨ ਨੇ ਦਹਿਸ਼ਤਗਰਦਾਂ ਦੀ ਹਮਾਇਤ ਕੀਤੀ ਤੇ ਉਨ੍ਹਾਂ ਨੂੰ ਪੈਸੇ ਦਿੱਤੇ। ਉਸ ਨੇ ਕਿਹਾ ਸੀ, ‘‘ਅਸੀਂ ਇਹ ਗੰਦਾ ਕੰਮ ਕਰੀਬ ਤਿੰਨ ਦਹਾਕੇ ਅਮਰੀਕਾ, ਪੱਛਮ ਤੇ ਯੂ ਕੇ ਲਈ ਕਰਦੇ ਰਹੇ। ਉਹ ਗਲਤੀ ਸੀ ਅਤੇ ਅਸੀਂ ਨੁਕਸਾਨ ਉਠਾਇਆ। ਜੇ ਅਸੀਂ ਅਫਗਾਨਿਸਤਾਨ ’ਚ ਸੋਵੀਅਤ ਯੂਨੀਅਨ ਵਿਰੁੱਧ ਲੜਾਈ ’ਚ ਸ਼ਾਮਲ ਨਾ ਹੁੰਦੇ ਤੇ ਫਿਰ ਅਮਰੀਕੀ ਟਰੇਡ ਸੈਂਟਰ ’ਤੇ ਹਮਲੇ ਤੋਂ ਬਾਅਦ ਅਫਗਾਨਿਸਤਾਨ ’ਤੇ ਹਮਲੇ ਸਮੇਂ ਅਮਰੀਕਾ ਦਾ ਸਾਥ ਨਾ ਦਿੰਦੇ ਤੇੇ ਦਹਿਸ਼ਤਗਰਦਾਂ ਦੀ ਮਦਦ ਨਾ ਕਰਦੇ ਤਾਂ ਸਾਡਾ ਰਿਕਾਰਡ ਦਾਗਦਾਰ ਨਹੀਂ ਹੋਣਾ ਸੀ।’’