ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਉਸ ਵੇਲੇ ਇੱਕ ਵਿਸ਼ੇਸ਼ ਵਿਚਾਰ-ਚਰਚਾ ਦਾ ਆਯੋਜਨ ਕਰਨ ਜਾ ਰਹੀ ਹੈ, ਜਦੋਂ ਸਾਮਰਾਜਵਾਦ ਨੇ ਪੂਰੀ ਦੁਨੀਆ ਉਪਰ ਲੋਹੜੇ ਦਾ ਆਰਥਕ ਬੋਝ ਲੱਦਣ, ਕੁਦਰਤੀ ਮਾਲ ਖ਼ਜ਼ਾਨੇ ਹੜੱਪਣ, ਲੋਕਾਂ ਦੀ ਨਾਬਰੀ ਅਤੇ ਪ੍ਰਤੀਕਿਰਿਆ ਦੀ ਆਵਾਜ਼ ਦੇ ਗਲ ’ਗੂਠਾ ਦੇਣ ਅਤੇ ਲੋਕਾਂ ਉਪਰ ਨਿਹੱਕੀਆਂ ਜੰਗ ਮੜ੍ਹਨ ਲਈ ਨਾਮ-ਨਿਹਾਦ ਮਾਨਵੀ ਕਦਰਾਂ-ਕੀਮਤਾਂ ਅਤੇ ਜਮਹੂਰੀਅਤ ਦਾ ਵੀ ਘੁੰਢ ਚੁੱਕ ਦਿੱਤਾ ਹੈ। ਲੋਕਾਂ ਉਪਰ ਨੰਗਾ-ਚਿੱਟਾ ਫਾਸ਼ੀ ਹਮਲਾ ਤੇਜ਼ ਕਰ ਦਿੱਤਾ ਹੈ ।ਕਮੇਟੀ ਨੇ ਅਜਿਹੇ ਸਮੇਂ ਪੂੰਜੀਵਾਦ ਦੇ ਸੰਕਟ ’ਚ ਮਾਰਕਸਵਾਦ ਦੀ ਪ੍ਰਸੰਗਿਕਤਾ ਅਤੇ ਫਾਸ਼ੀਵਾਦ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਕੁਛ ਕਰਨਾ ਲੋੜੀਏ ਵਿਸ਼ੇ ’ਤੇ ਗੰਭੀਰ ਵਿਚਾਰ-ਚਰਚਾ ਰੱਖੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਾਰਲ ਮਾਰਕਸ ਦੇ 207ਵੇਂ ਜਨਮ ਦਿਹਾੜੇ ਮੌਕੇ 5 ਮਾਰਚ ਨੂੰ ਹੋ ਰਹੀ ਵਿਚਾਰ-ਚਰਚਾ ਵਿੱਚ ਸਮੂਹ ਵਿਦਵਾਨਾਂ ਅਤੇ ਲੋਕ-ਪੱਖੀ ਜਥੇਬੰਦੀਆਂ ਨੂੰ ਜਨਤਕ ਅਪੀਲ ਜਾਰੀ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਮਾਰਕਸਵਾਦ ਦੀ ਪ੍ਰਸੰਗਿਕਤਾ, ਪੂੰਜੀਵਾਦ ਦਾ ਸੰਕਟ ਅਤੇ ਫਾਸ਼ੀਵਾਦ ਦਾ ਉਭਾਰ ਵਿਸ਼ਿਆਂ ਉਪਰ ਕ੍ਰਮਵਾਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਜਗਰੂਪ, ਦਰਸ਼ਨ ਖਟਕੜ ਅਤੇ ਹਰਵਿੰਦਰ ਭੰਡਾਲ ਵਿਚਾਰ-ਚਰਚਾ ਕਰਨਗੇ।




