ਚੰਡੀਗੜ੍ਹ : ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਵਂੇ ਕੱਲ੍ਹ ਭਾਰਤ ਦੇ ਗ੍ਰਹਿ ਸਕੱਤਰ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੂੰ ਹਰਿਆਣੇ ਲਈ 8500 ਕਿਊਸਿਕ ਪਾਣੀ ਜਾਰੀ ਕਰਨ ਦਾ ਹੁਕਮ ਦਿੱਤਾ ਹੈ, ਇਸ ਦਾ ਉਸ ਨੂੰ ਕੋਈ ਵੀ ਸੰਵਿਧਾਨਕ ਜਾਂ ਕਾਨੂੰਨੀ ਅਧਿਕਾਰ ਨਹੀਂ। ਕੇਂਦਰ ਪੰਜਾਬ ਦੇ ਪੁਨਰਗਠਨ ਐਕਟ-1966 ਅਨੁਸਾਰ ਅਜਿਹਾ ਝਗੜਾ ਨਿਬੇੜਨ ਲਈ ਟਿ੍ਰਬਿਊਨਲ ਦਾ ਗਠਨ ਕਰ ਸਕਦਾ ਹੈ। ਇਹ ਕੇਵਲ ਭਾਜਪਾ ਹੁਕਮਰਾਨਾ ਦੀ ਪੰਜਾਬ ਪ੍ਰਤੀ ਕੱਟੜ ਵਿਰੋਧਤਾ ਦੀ ਮਾਨਸਿਕਤਾ ਅਧੀਨ ਗੈਰਕਾਨੂੰਨੀ ਹੁਕਮ ਚਾੜਿਆ ਗਿਆ ਹੈ। ਰਾਜੇਵਾਲ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਪ੍ਰਤੀ ਨਫਤਰ ਇਸ ਕਦਰ ਜੱਗ ਜਾਹਰ ਉਦੋਂ ਹੋ ਗਈ ਜਦੋਂ ਉਸ ਨੇ ਰਾਤੋ ਰਾਤ ਬੀ ਬੀ ਐਮ ਬੀ ਦੇ ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਤਾਂ ਪੰਜਾਬ ਦੇ ਇਸ ਧੱਕੇ ਵਿਰੁੱਧ ਡਟਣ ਵਾਲੇ ਉਨ੍ਹਾਂ ਅਧਿਕਾਰੀਆਂ ਦੇ ਸਿਰ ਪਾਣੀ ਬਚਾਉਣ ਦਾ ਸਿਹਰਾ ਜਾਂਦਾ ਹੈ ਜਿਨ੍ਹਾਂ ਨੇ ਗੈਰਕਾਨੂੰਨੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਕੇ ਹੁਣ ਤੱਕ ਪੰਜਾਬ ਦਾ ਪਾਣੀ ਬਚਾ ਕੇ ਰੱਖਿਆ ਹੈ। ਰਾਜੇਵਾਲ ਨੇ ਕਿਹਾ ਕਿ ਅਜਿਹੀ ਸਥਿਤੀ ਪੈਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਜਿੰਮੇਵਾਰ ਹੈ, ਜਿਸ ਨੇ ਸਾਡੇ ਵਰਜਣ ਦੇ ਬਾਵਜੂਦ ਡੈਮ ਸੇਫਟੀ ਐਕਟ ਨੂੰ ਮੰਨ ਕੇ ਸਾਡੇ ਸਾਰੇ ਡੈਮ ਕੇਂਦਰ ਦੇ ਹਵਾਲੇ ਕਰ ਦਿੱਤੇ, ਜਦਕਿ ਸੰਵਿਧਾਨ ਵਿੱਚ ਸਪੱਸ਼ਟ ਹੈ ਕਿ ਪਾਣੀ ਰਾਜਾਂ ਦਾ ਵਿਸ਼ਾ ਹੈ, ਸਾਡੇ ਡੈਮ ਅਤੇ ਉਨ੍ਹਾਂ ਦੀਆਂ ਪਾਣੀ ਦੀ ਝੀਲਾਂ ਵੀ ਰਾਜਾਂ ਦੇ ਵਿਸ਼ੇ ਹੋਣ ਕਰਕੇ ਪੰਜਾਬ ਦੀ ਮਾਲਕੀ ਹਨ। ਉਨ੍ਹਾਂ ਪੁੱਛਿਆ ਕਿ ਬੀ. ਬੀ. ਐਮ. ਬੀ. ਦੀ ਮੀਟਿੰਗ ਵਿੱਚ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਲਈ ਦਿੱਲੀ ਅਤੇ ਰਾਜਸਥਾਨ ਗੈਰ ਰਾਈਪੇਰੀਅਨ ਰਾਜਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਿਸ ਨੇ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਥੀ ਇਹ ਕਿਵੇਂ ਮੁੱਕਰ ਸਕਦੇ ਹਨ, ਜਦੋਂ ਉਨ੍ਹਾਂ ਵੋਟਾਂ ਲੈਣ ਲਈ ਹਰਿਆਣੇ ਅਤੇ ਰਾਜਸਥਾਨ ਦੇ ਵੱਡੇ ਇਕੱਠਾਂ ਵਿੱਚ ਉੱਥੋਂ ਦੇ ਲੋਕਾਂ ਨੂੰ ਵਾਧੂ ਪਾਣੀ ਦੇਣ ਦੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਹਮਾਮ ਵਿੱਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਨੇਤਾ ਨੰਗੇ ਹਨ। ਸਭ ਨੇ ਪੰਜਾਬ ਦੇ ਪਾਣੀਆਂ ਉੱਤੇ ਹਮੇਸ਼ਾ ਰਾਜਨੀਤੀ ਕੀਤੀ ਹੈ ਅਤੇ ਹੁਣ ਤੱਕ ਹੋਏ ਸਾਰੇ ਗੈਰ ਸੰਵਿਧਾਨਕ ਸਮਝੌਤਿਆਂ ਉੱਤੇ ਦਸਤਖਤ ਕਰਕੇ ਆਪੋ ਆਪਣੀ ਕੁਰਸੀ ਬਚਾਈ ਜਿਸਦੀ ਸਜਾ ਪੰਜਾਬ ਭੁਗਤ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਜਿੰਮੇਵਾਰ ਹੈ, ਜਿਸ ਨੇ ਸਾਡੇ ਵਰਜਣ ਦੇ ਬਾਵਜੂਦ ਡੈਮ ਸੇਫਟੀ ਐਕਟ ਨੂੰ ਮੰਨ ਕੇ ਸਾਡੇ ਸਾਰੇ ਡੈਮ ਕੇਂਦਰ ਦੇ ਹਵਾਲੇ ਕਰ ਦਿੱਤੇ, ਜਦਕਿ ਸੰਵਿਧਾਨ ਵਿੱਚ ਸਪੱਸ਼ਟ ਹੈ ਕਿ ਪਾਣੀ ਰਾਜਾਂ ਦਾ ਵਿਸ਼ਾ ਹੈ, ਸਾਡੇ ਡੈਮ ਅਤੇ ਉਨ੍ਹਾਂ ਦੀਆਂ ਪਾਣੀ ਦੀਆਂ ਝੀਲਾਂ ਵੀ ਰਾਜਾਂ ਦੇ ਵਿਸ਼ੇ ਹੋਣ ਕਰਕੇ ਪੰਜਾਬ ਦੀ ਮਾਲਕੀ ਹਨ। ਕੱਲ੍ਹ ਮੁਜੱਫਰਨਗਰ ਯੂ. ਪੀ. ਵਿਖੇ ਕਿਸਾਨ ਨੇਤਾ ਰਾਕੇਸ਼ ਟਿਕੈਤ ਉੱਤੇ ਕੀਤੇ ਭਾਜਪਾ ਦੇ ਅੰਧ ਭਗਤਾਂ ਵੱਲੋਂ ਹਮਲੇ ਦੀ ਰਾਜੇਵਾਲ ਵੱਲੋਂ ਸਖਤ ਨਿੰਦਾ ਕੀਤੀ ਗਈ, ਉਨ੍ਹਾਂ ਕਿਹਾ ਕਿ ਇਸ ਹਮਲੇ ਨਾਲ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟਿਕੈਤ ਦੇ ਸਿਰ ਉੱਤੇ ਬੰਨ੍ਹਿਆ ਸਿਰੋਪਾਓ ਗੁਰੂ ਘਰ ਦੀ ਬਖਸ਼ਿਸ਼ ਹੁੰਦੀ ਹੈ, ਭਾਜਪਾਈ ਹੁੱਲੜਬਾਜਾਂ ਨੇ ਉਨ੍ਹਾਂ ਦੇ ਸਿਰ ਉੱਤਂੋ ਸਿਰੋਪਾਓ ਲਾਹ ਕੇ ਗੁਰੂ ਦੀ ਬਖਸ਼ਿਸ਼ ਦਾ ਘੋਰ ਅਪਮਾਨ ਕੀਤਾ ਹੈ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਯੂ. ਪੀ. ਸਰਕਾਰ ਅਜਿਹੀ ਅਵੱਗਿਆ ਕਰਨ ਵਾਲੇ ਹੁੱਲੜਬਾਜਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ।

