ਬੀ ਬੀ ਐੱਮ ਬੀ ਦੇ ਚੀਫ ਇੰਜੀਨੀਅਰ ਨੇ ਪੰਜਾਬ ਸਰਕਾਰ ਤੋਂ ਪੁਲਸ ਮੰਗੀ

0
108

ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ((ਬੀ ਬੀ ਐੱਮ ਬੀ) ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਮਗਰੋਂ ਨੰਗਲ ਡੈਮ ਦੀ ਸੁਰੱਖਿਆ ਲਈ ਖਤਰਾ ਖੜ੍ਹਾ ਹੋ ਗਿਆ ਹੈ, ਜਿਸ ਦੇ ਮੱਦੇਨਜ਼ਰ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਨੇ ਫੌਰੀ ਪੁਲਸ ਦੀ ਸੁਰੱਖਿਆ ਮੰਗੀ ਹੈ। ਮੰਗਲਵਾਰ ਦੁਪਹਿਰ 12 ਵਜੇ ਤੋਂ ਬਾਅਦ ਨੰਗਲ ਡੈਮ ਅਤੇ ਲੋਹੰਡ ਖੱਡ ਦੇ ਗੇਟਾਂ ਲਾਗੇ ਮਾਹੌਲ ਵਿਗੜਨ ਦਾ ਖਦਸ਼ਾ ਜ਼ਾਹਰ ਕੀਤਾ ਗਿਆ। ਵੇਰਵਿਆਂ ਅਨੁਸਾਰ ਜਲ ਸਰੋਤ ਵਿਭਾਗ ਨੇ ਮੰਗਲਵਾਰ ਹੀ ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਨੰਗਲ ਡੈਮ ਅਤੇ ਆਸਪਾਸ ਦੇ ਖੇਤਰਾਂ ’ਚ ਅਮਨ-ਕਾਨੂੰਨ ਦੀ ਵਿਵਸਥਾ ਦੀ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਫੌਰੀ ਗ੍ਰਹਿ ਵਿਭਾਗ ਦੇ ਦਖਲ ਦੀ ਮੰਗ ਕੀਤੀ। ਭਾਖੜਾ ਡੈਮ ਦੇ ਚੀਫ ਇੰਜੀਨੀਅਰ ਚਰਨਪ੍ਰੀਤ ਸਿੰਘ ਵੱਲੋਂ ਐੱਸ ਐੱਸ ਪੀ ਰੋਪੜ ਨੂੰ ਈਮੇਲ ਭੇਜ ਕੇ ਸਥਿਤੀ ਤੋਂ ਜਾਣੂ ਕਰਾਇਆ ਗਿਆ ਹੈ। ਨੰਗਲ ਡੈਮ ਅਤੇ ਲੋਹੰਡ ਖੱਡ ਦੇ ਲਾਗੇ ਪ੍ਰਦਰਸ਼ਨਕਾਰੀ ਪੁੱਜੇ ਹੋਏ ਹਨ, ਜਿਨ੍ਹਾਂ ਵੱਲੋਂ ਧਰਨਾ ਦਿੱਤੇ ਜਾਣ ਕਰ ਕੇ ਡੈਮ ਦੇ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਈ-ਮੇਲ ਜ਼ਰੀਏ ਪੁਲਸ ਦੀ ਸੁਰੱਖਿਆ ਮੰਗੀ ਗਈ ਹੈ, ਤਾਂ ਜੋ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਡੈਮਾਂ ਦੀ ਸੁਰੱਖਿਆ ਹੋ ਸਕੇ। ਪੰਜਾਬ ਸਰਕਾਰ ਨੇ ਸੋਮਵਾਰ ਰਾਤ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਵੱਲੋਂ ਚੁੱਪ-ਚੁਪੀਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਨਾਕਾਮ ਕਰ ਦਿੱਤੀ। ਬੋਰਡ ਨੇ ਰਾਤ 11 ਵਜੇ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ਉੱਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਹਰਿਆਣਾ ਲਈ ਵਾਧੂ ਪਾਣੀ ਛੱਡਿਆ ਜਾ ਸਕੇ। ਜਲ ਸਰੋਤ ਵਿਭਾਗ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਵਿਭਾਗ ਨੇ ਫੌਰੀ ਤਾਰ ਦਿੱਤੀ। ਤਾਰ ਵਿੱਚ ਸਰਕਾਰ ਨੇ ਬੋਰਡ ਨੂੰ ਕਿਹਾ ਕਿ ਭਾਖੜਾ ਨਹਿਰ ਦੇ ਕਈ ਜਗ੍ਹਾ ਤੋਂ ਕਿਨਾਰੇ ਟੁੱਟਣ ਦਾ ਖਤਰਾ ਹੈ, ਜਿਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਦੱਸੇ ਇਸ ਨਹਿਰ ਵਿੱਚ ਪਾਣੀ ਨਾ ਛੱਡਿਆ ਜਾਵੇ। ਜੇ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾਂ ਨਹਿਰ ਦੇ ਪਾਣੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰਾ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਬੋਰਡ ਦੀ ਹੋਵੇਗੀ। ਉਸ ਮਗਰੋਂ ਬੋਰਡ ਨੇ ਹੱਥ ਪਿਛਾਂਹ ਖਿੱਚ ਲਏ।