ਮਥੁਰਾ : ਇਥੇ ਰੇਲਵੇ ਸਟੇਸਨ ਤੋਂ ਪਿਛਲੇ ਹਫਤੇ ਚੋਰੀ ਕੀਤੇ ਗਏ ਬੱਚੇ ਨੂੰ ਭਾਜਪਾ ਆਗੂ ਦੇ ਘਰੋਂ ਬਰਾਮਦ ਕੀਤਾ ਗਿਆ ਹੈ, ਜਿਸ ਨੇ ਉਸ ਨੂੰ ਬਾਲ ਤਸਕਰੀ ਕਰਨ ਵਾਲੇ ਤੋਂ 1.8 ਲੱਖ ਰੁਪਏ ਵਿਚ ਖਰੀਦਿਆ ਸੀ। ਬੱਚਾ 24 ਅਗਸਤ ਨੂੰ ਮਥੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਆਪਣੀ ਮਾਂ ਦੇ ਕੋਲ ਸੌਂ ਰਿਹਾ ਸੀ, ਜਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਕਈ ਦਿਨਾਂ ਦੀ ਭਾਲ ਤੋਂ ਬਾਅਦ ਉਸ ਨੂੰ ਫਿਰੋਜ਼ਾਬਾਦ ਦੀ ਭਾਜਪਾ ਕਾਰਪੋਰੇਟਰ ਵਿਨੀਤਾ ਅਗਰਵਾਲ ਅਤੇ ਉਸ ਦੇ ਪਤੀ ਕਿ੍ਰਸ਼ਨ ਮੁਰਾਰੀ ਅਗਰਵਾਲ ਦੇ ਘਰੋਂ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿਚ ਡਾਕਟਰ ਜੋੜਾ ਵੀ ਕਥਿਤ ਤੌਰ ’ਤੇ ਸ਼ਾਮਲ ਹੈ। ਪੁਲਸ ਨੇ ਕਿਹਾ ਕਿ ਰੈਕੇਟ ਦੇ ਹੋਰਨਾਂ ਮੈਂਬਰਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਡਾਕਟਰ ਜੋੜੇ ਪ੍ਰੇਮ ਬਿਹਾਰੀ ਅਤੇ ਉਸ ਦੀ ਪਤਨੀ ਦਯਾਵਤੀ ਨੂੰ ਗਿ੍ਰਫਤਾਰ ਕੀਤਾ ਹੈ, ਜੋ ਹਾਥਰਸ ’ਚ ਬਾਂਕੇ ਬਿਹਾਰੀ ਹਸਪਤਾਲ ਨੂੰ ਅਜਿਹੇ ਕਾਰੋਬਾਰ ਨੂੰ ਚਲਾਉਣ ਲਈ ਵਰਤਦੇ ਸਨ। ਉਨ੍ਹਾਂ ਦੇ ਚਾਰ ਸਾਥੀਆਂ ਦੀਪ ਕੁਮਾਰ, ਪੂਨਮ, ਮਨਜੀਤ (43) ਅਤੇ ਵਿਮਲੇਸ਼ ਦੇ ਨਾਲ-ਨਾਲ ਭਾਜਪਾ ਦੀ ਕਾਰਪੋਰੇਟਰ ਵਿਨੀਤਾ ਅਗਰਵਾਲ (49) ਅਤੇ ਉਸ ਦੇ ਪਤੀ ਕਿ੍ਰਸਨ ਮੁਰਾਰੀ (51) ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ।