ਨਵੀਂ ਦਿੱਲੀ : ਦਿਹਾੜੀਦਾਰਾਂ, ਸਵੈ-ਰੁਜ਼ਗਾਰ ਵਾਲੇ ਲੋਕਾਂ, ਬੇਰੁਜ਼ਗਾਰਾਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਨੇ 2021 ਵਿਚ ਸਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ ਹਨ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਵਿਚ ਦਿੱਤੀ ਗਈ ਹੈ। 2021 ਕੋਵਿਡ-19 ਮਹਾਂਮਾਰੀ ਦਾ ਸਾਲ ਸੀ। ਰਿਪੋਰਟ ਅਨੁਸਾਰ ਦੇਸ਼ ਭਰ ’ਚ 2021 ਵਿਚ ਕੁੱਲ 1,64,033 ਲੋਕਾਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ਵਿੱਚੋਂ 1,18,979 ਮਰਦ ਸਨ ਤੇ ਜਿਨ੍ਹਾਂ ਵਿੱਚੋਂ 37,751 ਦਿਹਾੜੀਦਾਰ, 18,803 ਸਵੈ-ਰੁਜ਼ਗਾਰ ਅਤੇ 11,724 ਬੇਰੁਜ਼ਗਾਰ ਸਨ। ਅੰਕੜਿਆਂ ਅਨੁਸਾਰ 2021 ਵਿਚ 45,026 ਔਰਤਾਂ ਨੇ ਖੁਦਕੁਸ਼ੀ ਕੀਤੀ। ਰਿਪੋਰਟ ਅਨੁਸਾਰ ਖੇਤੀਬਾੜੀ ਖੇਤਰ ਨਾਲ ਸੰਬੰਧਤ 10,881 ਲੋਕਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚੋਂ 5,318 ਕਿਸਾਨ ਅਤੇ 5,563 ਖੇਤ ਮਜ਼ਦੂਰ ਸਨ। 5,318 ਕਿਸਾਨਾਂ ਵਿੱਚੋਂ 5107 ਮਰਦ ਅਤੇ 211 ਔਰਤਾਂ ਸਨ। 5,563 ਖੇਤ ਮਜ਼ਦੂਰਾਂ ਵਿੱਚੋਂ 5,121 ਮਰਦ ਅਤੇ 442 ਔਰਤਾਂ ਸਨ।