ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸਲਾਮਤੀ ਦਸਤਿਆਂ ਨੇ ਮੁਕਾਬਲੇ ਦੌਰਾਨ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਜਵਾਨਾਂ ਨੇ ਸ਼ਕੂਰਾ ਕੇਲਰ ਦੇੇ ਦੱਖਣੀ ਕਸ਼ਮੀਰ ਦੇ ਸ਼ੁਕਰੂ ਕੇਲਰ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸੰਬੰਧੀ ਜਾਣਕਾਰੀ ਮਿਲਣ ’ਤੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਉਥੇ ਲੁਕੇ ਦਹਿਸ਼ਤਗਰਦਾਂ ਨੇ ਫਾਇਰਿੰਗ ਕਰ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਤਿੰਨ ਦਹਿਸ਼ਤਗਰਦ ਮਾਰੇ ਗਏ।
ਮਸਜਿਦ ਤੇ ਮੰਦਰ ਮਾਮਲੇ ’ਤੇ ਫੈਸਲਾ ਰਾਖਵਾਂ
ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਯੂ ਪੀ ਦੇ ਸੰਭਲ ਵਿੱਚ ਜਾਮਾ ਮਸਜਿਦ ਅਤੇ ਹਰੀਹਰ ਮੰਦਰ ਨਾਲ ਸੰਬੰਧਤ ਵਿਵਾਦ ਬਾਰੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਮਸਜਿਦ ਕਮੇਟੀ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਦੇ ਨਾਲ-ਨਾਲ ਮੁਕੱਦਮੇ ਦੇ ਮੁਦਈ ਹਰੀ ਸ਼ੰਕਰ ਜੈਨ ਦੇ ਵਕੀਲਾਂ ਦੀ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ। ਹਾਈ ਕੋਰਟ ਨੇ ਇਸ ਤੋਂ ਪਹਿਲਾਂ ਸੰਭਲ ਦੀ ਜ਼ਿਲ੍ਹਾ ਅਦਾਲਤ ਵਿੱਚ ਪੈਂਡਿੰਗ ਮੁਕੱਦਮੇ ਦੀ ਅਗਲੀ ਸੁਣਵਾਈ ’ਤੇ ਰੋਕ ਲਗਾ ਦਿੱਤੀ ਸੀ, ਜਿੱਥੇ ਹਿੰਦੂ ਪੱਖ ਦੇ ਮੁਦਈ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਕੋਲ ਸ੍ਰੀ ਹਰੀਹਰ ਮੰਦਰ ਤੱਕ ਪਹੁੰਚਣ ਦਾ ਅਧਿਕਾਰ ਹੈ।
ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਘਟਣ ਦਾ ਦਾਅਵਾ
ਨਵੀਂ ਦਿੱਲੀ : ਪ੍ਰਚੂਨ ਮਹਿੰਗਾਈ ਦਰ ਅਪਰੈਲ ਵਿੱਚ ਘੱਟ ਕੇ 3.16 ਫੀਸਦੀ ਹੋ ਗਈ, ਜੋ ਜੁਲਾਈ 2019 ਤੋਂ ਬਾਅਦ ਸਭ ਤੋਂ ਘੱਟ ਦਰ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਮਹਿੰਗਾਈ ਦਰ 3.34 ਫੀਸਦੀ ਰਹੀ। ਭਾਰਤੀ ਰਿਜ਼ਰਵ ਬੈਂਕ ਨੇ ਸਾਲ 2025-26 ਵਿੱਚ ਮਹਿੰਗਾਈ ਦਰ 4 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਬੈਂਕ ਨੇ ਪਹਿਲੀ ਤਿਮਾਹੀ ਵਿੱਚ ਇਹ ਦਰ 3.6 ਫੀਸਦੀ, ਦੂਜੀ ਵਿੱਚ 3.9, ਤੀਸਰੀ ਵਿੱਚ 3.8 ਅਤੇ ਚੌਥੀ ਵਿਚ 4.4 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਸੀ। ਇਸ ਵਾਰ ਮਹਿੰਗਾਈ ਦਰ ਵਿੱਚ ਕਮੀ ਸਬਜ਼ੀਆਂ, ਫਲਾਂ, ਦਾਲਾਂ ਅਤੇ ਹੋਰ ਪ੍ਰੋਟੀਨ ਨਾਲ ਭਰਪੂਰ ਵਸਤੂਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਕਾਰਨ ਹੋਈ ਹੈ, ਜੋ 6 ਸਾਲ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਪਿਛਲੇ ਸਾਲ ਖਾਸਕਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰ ਕੇ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿੱਚ ਜ਼ੋਰਦਾਰ ਇਜ਼ਾਫਾ ਹੋਇਆ ਸੀ।




