ਅਰਸ਼ੀ ਪਰਵਾਰ ਵੱਲੋਂ ਪਾਰਟੀ ਕਾਂਗਰਸ ਲਈ ਇੱਕ ਲੱਖ ਰੁਪਏ ਦਾ ਚੈੱਕ ਭੇਟ

0
131

ਬਠਿੰਡਾ : ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਅਤੇ ਸਾਬਕਾ ਵਿਦਿਆਰਥੀ ਤੇ ਇਸਤਰੀ ਸਭਾ ਆਗੂ ਦਲਜੀਤ ਕੌਰ ਅਰਸ਼ੀ ਨੇ ਸਮੁੱਚੇ ਅਰਸ਼ੀ ਪਰਵਾਰ ਵੱਲੋਂ ਸਤੰਬਰ ਮਹੀਨੇ ਵਿੱਚ ਚੰਡੀਗੜ੍ਹ ਵਿਖੇ ਹੋ ਰਹੀ 25ਵੀਂ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ ਇੱਕ ਲੱਖ ਰੁਪਏ ਦਾ ਚੈੱਕ ਸੂਬਾ ਪਾਰਟੀ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ।ਸਾਥੀ ਅਰਸ਼ੀ ਜੋ ਇੱਕ ਵੱਡੇ ਓਪਰੇਸ਼ਨ ਉਪਰੰਤ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ, ਨੇ ਸਾਡੇ ਬਠਿੰਡਾ ਵਾਲੇ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਨੂੰ ਦੱਸਿਆ ਕਿ ਪੰਜਾਬ ਪਾਰਟੀ ਲਈ ਇਹ ਮਾਣ ਵਾਲੀ ਤੇ ਗੌਰਵਸ਼ਾਲੀ ਗੱਲ ਹੈ ਕਿ ਉਸ ਨੂੰ ਚੌਥੀ ਵਾਰ ਪਾਰਟੀ ਕਾਂਗਰਸ ਦੀ ਮਹਿਮਾਨ-ਨਿਵਾਜ਼ੀ ਕਰਨ ਦਾ ਅਵਸਰ ਪ੍ਰਾਪਤ ਹੋ ਰਿਹਾ ਹੈ।
ਪੰਜਾਬ ਦੀ ਸਮੁੱਚੀ ਪਾਰਟੀ ਇਸ ਨੂੰ ਇੱਕ ਬਹੁਤ ਵੱਡੇ ਤਿਉਹਾਰ ਵਜੋਂ ਲੈ ਕੇ ਇਸ ਦੀ ਸਫਲਤਾ ਲਈ ਦਿਨ-ਰਾਤ ਇੱਕ ਕਰ ਰਹੀ ਹੈ, ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਜਨਤਕ ਫੰਡ ਉਗਰਾਹੀ ਕੀਤੀ ਜਾ ਰਹੀ ਹੈ, ਪਾਰਟੀ ਕਾਂਗਰਸ ਦੇ ਅਰੰਭਕ ਦਿਨ ਤੇ ਹੋਣ ਵਾਲੀ ਇਤਿਹਾਸਕ ਰੈਲੀ ਲਈ ਵਲੰਟੀਅਰ ਭਰਤੀ ਕੀਤੇ ਜਾ ਰਹੇ ਹਨ। ਕਮਿਊਨਿਸਟ ਆਗੂ ਨੇ ਇਹ ਵੀ ਦੱਸਿਆ, ‘‘ਮੈਂ ਆਪਣੀ ਸਮਰੱਥਾ ਤੋਂ ਵਧ ਕੇ ਕਾਂਗਰਸ ਦੇ ਪ੍ਰਬੰਧਾਂ ਲਈ ਫੰਡ ਜਮ੍ਹਾਂ ਕਰਾਂਗਾ।’’ ਸਾਥੀ ਅਰਸ਼ੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਲੁਧਿਆਣਾ ਵਿਖੇ ਹੋਈ ਸੂਬਾ ਕੌਂਸਲ ਮੀਟਿੰਗ ਨੇ ਅਹਿਮ ਤੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਪਾਰਟੀ ਕਾਂਗਰਸ ਲਈ ਬੁਰਜੂਆ ਪਾਰਟੀਆਂ ਤੇ ਇਸ ਦੇ ਆਗੂਆਂ ਤੋਂ ਨਾ ਹੀ ਕੋਈ ਆਰਥਿਕ ਮਦਦ ਲਈ ਜਾਵੇਗੀ ਨਾ ਹੀ ਉਨ੍ਹਾਂ ਨਾਲ ਭਵਿੱਖ ਵਿੱਚ ਕੋਈ ਚੋਣ ਤਾਲਮੇਲ ਕੀਤਾ ਜਾਵੇਗਾ ਤਾਂ ਕਿ ਪਾਰਟੀ ਦੀ ਇਨਕਲਾਬੀ ਦਿੱਖ ਪ੍ਰਭਾਵਤ ਨਾ ਹੋਵੇ।