ਮੋਗਾ : ਕੋਟਕਪੂਰਾ ਬਾਈਪਾਸ ਉੱਤੇ ਸ਼ਨਿੱਚਰਵਾਰ ਦੇਰ ਸ਼ਾਮ ਇੱਕ ਹੋਟਲ ਦੇ ਬਾਹਰ ਨਿਹੰਗ ਬਾਣੇ ’ਚ ਆਏ ਤਿੰਨ ਨੌਜਵਾਨਾਂ ਦੀ ਪੁਲਸ ਮੁਲਾਜ਼ਮਾਂ ਨਾਲ ਤਕੜੀ ਝੜਪ ਹੋ ਗਈ। ਵਾਇਰਲ ਵੀਡੀਓ ਵਿੱਚ ਪੁਲਸ ਮੁਲਾਜ਼ਮ ਤੇ ਨਿਹੰਗ ਗੁੱਥਮ-ਗੁੱਥਾ ਹੁੰਦੇ ਨਜ਼ਰ ਆ ਰਹੇ ਹਨ। ਸਿਟੀ ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਹੋਟਲ ਮਾਲਕ ’ਤੇ ਫਿਰੌਤੀ ਦੇਣ ਲਈ ਦਬਾਅ ਬਣਾ ਰਹੇ ਸਨ। ਡੀ ਐੱਸ ਪੀ ਸਿਟੀ ਰਵਿੰਦਰ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਜਗਰਾਜ ਸਿੰਘ ਪਿੰਡ ਜਲਾਲਾਬਾਦ ਪੂਰਬੀ, ਸ਼ੇਰ ਸਿੰਘ ਉਰਫ ਮਨਮੋਹਨ ਸਿੰਘ ਵਾਸੀ ਕੋਠੇ ਸ਼ੇਰ ਜੰਗ, ਜਗਰਾਓਂ ਅਤੇ ਕੁਲਵਿੰਦਰ ਸਿੰਘ ਪਿੰਡ ਸਫੀਪੁਰ ਥਾਣਾ ਸਿੱਧਵਾਂ ਬੇਟ, ਜਗਰਾਓਂ ਵਜੋਂ ਹੋਈ ਹੈ। ਪੁਲਸ ਮੁਤਾਬਕ ਸੁਮਿਤ ਕੁਮਾਰ ਵਾਸੀ ਮੋਗਾ ਦੇ ਬਿਆਨ ਉੱਤੇ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਮੁਤਾਬਕ ਉਸ ਦੇ ਦੋਸਤ ਸਾਜਨ ਨੇ ਕੋਟਕਪੂਰਾ ਬਾਈਪਾਸ ਉੱਤੇ ਹੋਟਲ ਠੇਕੇ ਉੱਤੇ ਲਿਆ ਹੋਇਆ ਹੈ। ਉਹ ਆਪਣੇ ਦੋਸਤ ਕੋਲ ਗਿਆ ਸੀ। ਮਹਿੰਦਰਾ ਐਕਸਯੂਵੀ ਗੱਡੀ ਉੱਤੇ ਆਏ ਮੁਲਜ਼ਮਾਂ ਨੇ ਪੈਸਿਆਂ ਦੀ ਮੰਗ ਕੀਤੀ ਅਤੇ ਲੜਾਈ-ਝਗੜਾ ਕਰਨ ਲੱਗ ਪਏ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦਾ ਰਿਵਾਲਵਰ ਖੋਹ ਲਿਆ। ਇਤਲਾਹ ਮਿਲਣ ’ਤੇ ਪੁਲਸ ਮੌਕੇ ਉੱਤੇ ਪੁੱਜ ਗਈ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹ ਮੁਲਾਜ਼ਮਾਂ ਨਾਲ ਉਲਝ ਪਏ ਅਤੇ ਹਵਾ ਵਿੱਚ ਤਲਵਾਰਾਂ ਲਹਿਰਾਉਣ ਲੱਗੇ। ਪੁਲਸ ਨੇ ਬੜੀ ਮੁਸ਼ੱਕਤ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਮੰਨਿਆ ਕਿ ਉਹ ਹੋਰ ਵੀ ਦੁਕਾਨਦਾਰਾਂ ਤੋਂ ਡਰਾ-ਧਮਕਾ ਕੇ ਜਬਰੀ ਵਸੂਲੀ ਦਾ ਧੰਦਾ ਕਰਦੇ ਹਨ।




