ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਨਾਲ ਗੱਲਬਾਤ ਕਰਨਾ ਤੇ ਉਨ੍ਹਾਂ ਨੂੰ ਤਣਾਅ ਦੇ ਮੁਹਾਣੇ ਤੋਂ ਵਾਪਸ ਲਿਆਉਣਾ ਉਨ੍ਹਾ ਦੀ ਵੱਡੀ ਸਫਲਤਾ ਹੈ, ਜਿਸ ਦਾ ਸਿਹਰਾ ਉਨ੍ਹਾ ਨੂੰ ਕਦੇ ਨਹੀਂ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਬਹੁਤ ਨਫਰਤ ਹੈ ਤੇ ਤਣਾਅ ਉਸ ਸਿਖਰ ’ਤੇ ਪਹੁੰਚ ਗਿਆ ਸੀ, ਜਿਸ ਦਾ ਅਗਲਾ ਪੜਾਅ ਸੰਭਾਵੀ ਤੌਰ ’ਤੇ ‘ਪ੍ਰਮਾਣੂ’ ਸੀ।
ਟਰੰਪ ਨੇ ਫੌਕਸ ਨਿਊਜ਼ ਨੂੰ ਇੱਕ ਇੰਟਰਵਿਊ ’ਚ ਕਿਹਾ, ‘ਇਹ ਬਹੁਤ ਵੱਡੀ ਸਫਲਤਾ ਹੈ, ਜਿਸ ਦਾ ਸਿਹਰਾ ਸ਼ਾਇਦ ਕਦੇ ਮੇਰੇ ਸਿਰ ਨਾ ਬੱਝੇ। ਇਹ ਦੋਵੇਂ ਪ੍ਰਮੁੱਖ ਪ੍ਰਮਾਣੂ ਤਾਕਤਾਂ ਹਨ। ਉਹ ਕੋਈ ਛੋਟੇ-ਮੋਟੇ ਨਹੀਂ, ਉਹ ਬਹੁਤ ਗੁੱਸੇ ਵਿਚ ਸਨ।’ ਟਰੰਪ ਨੂੰ ਮੱਧ-ਪੂਰਬ ਦੀ ਆਪਣੀ ਯਾਤਰਾ ਤੋਂ ਪਹਿਲਾਂ ‘ਵਿਦੇਸ਼ ਨੀਤੀ ਦੀਆਂ ਕੁਝ ਸਫਲਤਾਵਾਂ’ ਬਾਰੇ ਪੁੱਛਿਆ ਗਿਆ ਸੀ।
ਟਰੰਪ ਨੇ ਕਿਹਾ, ‘ਮੈਂ ਵਪਾਰ ਦੀ ਵਰਤੋਂ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਬਣਾਉਣ ਲਈ ਕਰ ਰਿਹਾ ਹਾਂ। ਭਾਰਤ ਵਿਸ਼ਵ ਦੇ ਸਭ ਤੋਂ ਉੱਚੇ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਅਮਰੀਕਾ ਲਈ ਆਪਣੇ ਟੈਰਿਫਾਂ ਵਿੱਚ 100 ਫੀਸਦੀ ਕਟੌਤੀ ਕਰਨ ਲਈ ਤਿਆਰ ਹਨ? ’ ਭਾਰਤ ਵੱਲੋਂ ਹਾਲਾਂਕਿ ਇਸ ਮੁੱਦੇ ’ਤੇ ਅਜੇ ਤੱਕ ਅਧਿਕਾਰਤ ਤੌਰ ’ਤੇ ਕੋਈ ਐਲਾਨ ਨਹੀਂ ਕੀਤਾ ਗਿਆ।
ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਨਾਲ ਟੈਰਿਫ ਨੂੰ ਲੈ ਕੇ ਵਪਾਰ ਸਮਝੌਤਾ ਜਲਦੀ ਸਿਰੇ ਚੜ੍ਹ ਰਿਹਾ ਹੈ ਤਾਂ ਟਰੰਪ ਨੇ ਕਿਹਾ, ‘ਹਾਂ, ਇਹ ਜਲਦੀ ਆਵੇਗਾ। ਮੈਨੂੰ ਕੋਈ ਜਲਦੀ ਨਹੀਂ ਹੈ। ਦੇਖੋ, ਹਰ ਕੋਈ ਸਾਡੇ ਨਾਲ ਸੌਦਾ (ਕਰਾਰ) ਕਰਨਾ ਚਾਹੁੰਦਾ ਹੈ। ਦੱਖਣੀ ਕੋਰੀਆ ਇੱਕ ਸੌਦਾ ਕਰਨਾ ਚਾਹੁੰਦਾ ਹੈ, ਪਰ ਮੈਂ ਹਰ ਕਿਸੇ ਨਾਲ ਸੌਦਾ ਨਹੀਂ ਕਰਨ ਜਾ ਰਿਹਾ। ਮੈਂ ਸਿਰਫ (ਟੈਰਿਫ) ਸੀਮਾ ਨਿਰਧਾਰਤ ਕਰਨ ਜਾ ਰਿਹਾ ਹਾਂ। ਮੇਰੇ ਕੋਲ 150 ਦੇਸ਼ ਹਨ, ਜੋ ਸੌਦਾ ਕਰਨਾ ਚਾਹੁੰਦੇ ਹਨ।’
ਇਸੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਤ ਕਰਨਾ ਚਾਹੁੰਦਾ ਹੈ। ਇਹ ਰੁਖ਼ ਰਾਸ਼ਟਰਪਤੀ ਟਰੰਪ ਦੇ ਪਹਿਲਾਂ ਦੇ ਬਿਆਨਾਂ ਤੋਂ ਵੱਖਰਾ ਹੈ, ਜਿਸ ਵਿੱਚ ਉਨ੍ਹਾ ਕਸ਼ਮੀਰ ਮੁੱਦੇ ’ਤੇ ਦੋਵਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ ਸੀ। ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਟੌਮੀ ਪਿਗੌਟ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਦੇਖੋ, ਅਸੀਂ ਜੰਗਬੰਦੀ ਨੂੰ ਦੇਖ ਕੇ ਖੁਸ਼ ਹਾਂ। ਅਸੀਂ ਪਿਛਲੇ ਕੁਝ ਦਿਨਾਂ ਤੋਂ ਇਹੀ ਗੱਲ ਕਹਿ ਰਹੇ ਹਾਂ। ਅਸੀਂ ਦੋਵਾਂ ਧਿਰਾਂ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਇਸ ਬਾਰੇ ਸਾਡਾ ਸਟੈਂਡ ਸਪੱਸ਼ਟ ਹੈ।’



