ਪਾਕਿਸਤਾਨ ਦੇ ਪੁਲਸੀਏ ਜਿਓਤੀ ਨੂੰ ਟਰੇਨ ’ਚ ਚਾਹ ਪਿਆਉਂਦੇ ਰਹੇ

0
108

ਚੰਡੀਗੜ੍ਹ : ਟਰੈਵਲ ਬਲੌਗਿੰਗ ਦੀ ਆੜ ਵਿੱਚ ਦੇਸ਼ ਦੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਤੱਕ ਪਹੁੰਚਾਉਣ ਦੇ ਦੋਸ਼ ਵਿਚ ਗਿ੍ਰਫਤਾਰ ਹਰਿਆਣਾ ਦੇ ਹਿਸਾਰ ਦੀ 33 ਸਾਲਾ ਯੂਟਿਊਬਰ ਜਿਓਤੀ ਮਲਹੋਤਰਾ ਨੂੰ ਹਿਸਾਰ ਕੋਰਟ ਨੇ ਪੰਜ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਿਓਤੀ ‘ਟਰੈਵਲ ਵਿਦ ਜੋ’ ਨਾਂਅ ਨਾਲ ਯੂਟਿਊਬ ਚੈਨਲ ਚਲਾਉਂਦੀ ਸੀ, ਜਿਸ ਦੇ 3.80 ਲੱਖ ਸਬਸਕ੍ਰਾਈਬਰ ਤੇ ਇੰਸਟਾਗ੍ਰਾਮ ’ਤੇ ਇਕ ਲੱਖ ਤੋਂ ਵੱਧ ਫਾਲੋਅਰਜ਼ ਹਨ। ਖੁਦ ਨੂੰ ‘ਘੁਮੱਕੜ’ ਦੱਸਣ ਵਾਲੀ ਜਿਓਤੀ ਪਿਛਲੇ ਦੋ ਸਾਲਾਂ ਵਿੱਚ ਤਿੰਨ ਵਾਰ ਪਾਕਿਸਤਾਨ ਜਾ ਚੁੱਕੀ ਹੈ ਤੇ ਚੌਥੀ ਫੇਰੀ ਦੀ ਤਿਆਰੀ ’ਚ ਸੀ।
ਜਿਓਤੀ ਦੀ ਪਾਕਿਸਤਾਨ ਵਿੱਚ ਉਨ੍ਹਾਂ ਇਲਾਕਿਆਂ ਤੱਕ ਪਹੁੰਚ ਸੀ, ਜਿੱਥੇ ਆਮ ਭਾਰਤੀਆਂ ਦਾ ਜਾਣਾ ਲੱਗਭੱਗ ਅਸੰਭਵ ਹੈ। ਲਾਹੌਰ ਵਿਚ ਪੁਲਸ ਵਾਲੇ ਖੁਦ ਉਸ ਨੂੰ ਰੇਲਗੱਡੀ ਵਿੱਚ ਚਾਹ ਪਿਆਉਂਦੇ ਦਿਸੇ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਿਓਤੀ ਉੱਤੇ ਪਾਕਿਸਤਾਨ ਦੇ ਖੁਫੀਆ ਏਜੰਟਾਂ ਨੂੰ ਫੌਜੀ ਟਿਕਾਣਿਆਂ ਤੇ ਹਵਾਈ ਪੱਟੀ ਨਾਲ ਜੁੜੀ ਜਾਣਕਾਰੀ ਦੇਣ ਦਾ ਦੋਸ਼ ਹੈ।
ਐੱਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ ਜਿਓਤੀ ਦੀ ਮੁਲਾਕਾਤ 2023 ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਕੰਮ ਕਰਦੇ ਅਹਿਸਾਨ ਉਰ ਰਹੀਮ ਉਰਫ ਦਾਨਿਸ਼ ਨਾਲ ਹੋਈ ਸੀ। ਦਾਨਿਸ਼ ਨੇ ਉਸ ਨੂੰ ਵੀਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਤੇ ਦੋਵਾਂ ਦਰਮਿਆਨ ਰਾਬਤਾ ਵਧਿਆ। ਪਾਕਿਸਤਾਨ ਵਿਚ ਜਿਓਤੀ ਦੀ ਮੁਲਾਕਾਤ ਅਲੀ ਅਹਿਵਾਨ, ਸ਼ਾਕਿਰ ਤੇ ਰਾਣਾ ਸ਼ਹਿਬਾਜ਼ ਜਿਹੇ ਖੁਫੀਆ ਏਜੰਟਾਂ ਨਾਲ ਕਰਵਾਈ ਗਈ। ਇਸੇ ਦੌਰਾਨ ਉਹ ਜਾਸੂਸੀ ਨੈੱਟਵਰਕ ਦਾ ਹਿੱਸਾ ਬਣ ਗਈ।
ਜਿਓਤੀ ਨੇ ਵਟਸਐਪ, ਟੈਲੀਗ੍ਰਾਮ ਤੇ ਸਨੈਪਚੈਟ ਜਿਹੇ ਸੋਸ਼ਲ ਮੀਡੀਆ ਪਲੈਟਫਾਰਮਾਂ ਜ਼ਰੀਏ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾਈ। ਉਸ ਨੇ ਏਜੰਟ ਸ਼ਾਕਿਰ ਦਾ ਨਾਂਅ ‘ਜੱਟ ਰੰਧਾਵਾ’ ਦੇ ਨਾਂਅ ਨਾਲ ਸੇਵ ਕੀਤਾ ਹੋਇਆ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। 24 ਮਾਰਚ 2024 ਨੂੰ ਦਿੱਲੀ ਸਥਿਤ ਪਾਕਿ ਅੰਬੈਸੀ ਵਿੱਚ ਰੱਖੀ ਇੱਕ ਪਾਰਟੀ ’ਚ ਜਿਓਤੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ। ਇਸ ਪਾਰਟੀ ਦੀ ਵੀਡੀਓ ਉਸ ਦੇ ਚੈਨਲ ’ਤੇ ਵੀ ਹੈ। ਦੱਸਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਬਾਲੀ ਦੀ ਯਾਤਰਾ ’ਤੇ ਵੀ ਗਈ ਸੀ।
ਇਸੇ ਦੌਰਾਨ ਓਡੀਸ਼ਾ ਪੁਲਸ ਨੇ ਪੁਰੀ ਦੀ ਇੱਕ ਯੂਟਿਊਬਰ ਅਤੇ ਹਰਿਆਣਾ ਦੀ ਯੂਟਿਊਬਰ ਜਿਓਤੀ ਮਲਹੋਤਰਾ ਵਿਚਕਾਰ ਕਥਿਤ ਸੰਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਓਤੀ ਮਲਹੋਤਰਾ ਨੂੰ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਦੇਸ਼ ਦੀਆਂ ਸੰਵੇਦਨਸ਼ੀਲ ਜਾਣਕਾਰੀਆਂ ਦੇਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ।
ਪੁਰੀ ਦੇ ਐੱਸ ਪੀ ਵਿਨੀਤ ਅਗਰਵਾਲ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਜਿਓਤੀ ਬੀਤੇ ਸਾਲ ਸਤੰਬਰ ਵਿੱਚ ਪੁਰੀ ਆਈ ਸੀ। ਇਸ ਦੌਰਾਨ ਉਹ ਪੁਰੀ ਦੀ ਯੂਟਿਊਬਰ ਔਰਤ ਦੇ ਸੰਪਰਕ ਵਿੱਚ ਆਈ ਸੀ। ਪੁਰੀ ਦੀ ਔਰਤ ਨੇ ਹਾਲ ਹੀ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਵੀ ਕੀਤੀ ਸੀ। ਉਨ੍ਹਾ ਕਿਹਾ, ‘ਸਾਨੂੰ ਪਤਾ ਲੱਗਾ ਹੈ ਕਿ ਜਿਓਤੀ ਮਲਹੋਤਰਾ ਪਿਛਲੇ ਸਾਲ ਪੁਰੀ ਆਈ ਸੀ ਅਤੇ ਅਸੀਂ ਇਸ ਤੱਥ ਦੀ ਪੁਸ਼ਟੀ ਕਰ ਰਹੇ ਹਾਂ। ਤਸਦੀਕ ਤੋਂ ਬਾਅਦ ਹੋਰ ਕੁਝ ਵੀ ਸਾਂਝਾ ਕੀਤਾ ਜਾ ਸਕਦਾ ਹੈ।’
ਯੂਟਿਊਬਰ ਦੇ ਪਿਤਾ ਨੇ ਕਿਹਾ ਕਿ ਪੁਲਸ ਨੇ ਸਨਿੱਚਰਵਾਰ ਉਸ ਦੀ ਧੀ ਤੋਂ ਪੁੱਛਗਿੱਛ ਕੀਤੀ ਸੀ ਅਤੇ ਕੁਝ ਜਾਣਕਾਰੀ ਮੰਗੀ ਸੀ। ਯੂਟਿਊਬਰ ਦੇ ਪਿਤਾ ਨੇ ਕਿਹਾ, ‘ਮੇਰੀ ਧੀ ਜਿਓਤੀ ਮਲਹੋਤਰਾ ਦੇ ਸੰਪਰਕ ਵਿੱਚ ਆਈ ਸੀ, ਕਿਉਂਕਿ ਦੋਵੇਂ ਯੂਟਿਊਬਰ ਹਨ। ਜਿਵੇਂ ਹੀ ਉਨ੍ਹਾਂ ਵਿਚਕਾਰ ਦੋਸਤੀ ਵਧੀ, ਮਲਹੋਤਰਾ ਪੁਰੀ ਆਈ, ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ, ਇਸ ਲਈ ਸਹੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਸੀਂ ਪੁਲਸ ਨੂੰ ਸਹਿਯੋਗ ਦੇਵਾਂਗੇ।’
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪੁਰੀ ਦੀ ਯੂਟਿਊਬਰ ਪਿ੍ਰਯੰਕਾ ਸੇਨਾਪਤੀ ਨੇ ਕਿਹਾ, ‘ਜਿਓਤੀ ਸਿਰਫ ਮੇਰੀ ਇੱਕ ਦੋਸਤ ਸੀ ਅਤੇ ਮੈਂ ਯੂਟਿਊਬ ਰਾਹੀਂ ਉਸ ਦੇ ਸੰਪਰਕ ਵਿੱਚ ਆਈ ਸੀ। ਮੈਨੂੰ ਉਸ ਕਿਸੇ ਵੀ ਚੀਜ਼ ਬਾਰੇ ਪਤਾ ਨਹੀਂ ਸੀ, ਜਿਸ ਦਾ ਉਸ ’ਤੇ ਦੋਸ਼ ਹੈ। ਜੇ ਮੈਨੂੰ ਪਤਾ ਹੁੰਦਾ ਕਿ ਉਹ ਦੁਸ਼ਮਣ ਮੁਲਕ ਪਾਕਿਸਤਾਨ ਲਈ ਜਾਸੂਸੀ ਕਰ ਰਹੀ ਹੈ ਤਾਂ ਮੈਂ ਉਸ ਦੇ ਸੰਪਰਕ ਵਿੱਚ ਨਾ ਹੁੰਦੀ।ਜੇ ਕੋਈ ਜਾਂਚ ਏਜੰਸੀ ਸਵਾਲ-ਜਵਾਬ ਕਰਨਾ ਚਾਹੁੰਦੀ ਹੈ, ਤਾਂ ਮੈਂ ਪੂਰਾ ਸਹਿਯੋਗ ਦੇਵਾਂਗੀ। ਰਾਸ਼ਟਰ ਸਭ ਤੋਂ ਉੱਪਰ ਹੈ। ਜੈ ਹਿੰਦ।’