ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) : ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਦਾ ਧਰੁਵੀ ਉਪਗ੍ਰਹਿ ਲਾਂਚ ਵਹੀਕਲ (ਪੀ ਐੱਸ ਐੱਲ ਵੀ)-ਸੀ61 ਰਾਕੇਟ ਤੀਜੇ ਪੜਾਅ ਵਿੱਚ ਦਬਾਅ ਸੰਬੰਧੀ ਸਮੱਸਿਆ ਕਰਕੇ ਧਰਤੀ ਨਿਰੀਖਣ ਲਈ ਭੇਜੇ ਜਾਣ ਵਾਲੇ ਉਪਗ੍ਰਹਿ ਨੂੰ ਲਾਂਚ ਕਰਨ ਵਿੱਚ ਨਾਕਾਮ ਰਿਹਾ। ਇਹ 1993 ਤੋਂ ਬਾਅਦ ਪੀ ਐੱਸ ਐੱਲ ਵੀ ਦੀ ਤੀਜੀ ਅਜਿਹੀ ਨਾਕਾਮੀ ਹੈ। ਪੁਲਾੜ ਏਜੰਸੀ ਦੇ ਚੇਅਰਮੈਨ ਵੀ ਨਾਰਾਇਣਨ ਨੇ ਇਹ ਜਾਣਕਾਰੀ ਦਿੱਤੀ। ਪੁਲਾੜ ਏਜੰਸੀ ਦਾ ਇਹ 101ਵਾਂ ਮਿਸ਼ਨ ਸੀ। ਪੀ ਐੱਸ ਐੈੱਲ ਵੀ ਨੇ ਪਹਿਲਾਂ ਤੋਂ ਨਿਰਧਾਰਤ ਸਮੇਂ ਮੁਤਾਬਕ ਐਤਵਾਰ ਸਵੇਰੇ 5:59 ਵਜੇ ਉਡਾਣ ਭਰੀ, ਪਰ ਮਿਸ਼ਨ ਦੇ ਟੀਚੇ ਪੂਰੇ ਨਹੀਂ ਹੋ ਸਕੇ।
ਨਾਰਾਇਣਨ ਨੇ ਕਿਹਾ, ‘‘ਚਾਰ ਪੜਾਵਾਂ ਵਾਲੇ ਵਹੀਕਲ ਦਾ ਦੂਜੇ ਪੜਾਅ ਤੱਕ ਪ੍ਰਦਰਸ਼ਨ ਆਮ ਵਾਂਗ ਸੀ। ਤੀਜੇ ਪੜਾਅ ਵਿੱਚ ਮੋਟਰ ਸਹੀ ਤਰੀਕੇ ਨਾਲ ਚਾਲੂ ਹੋ ਗਈ ਸੀ, ਪਰ ਇਸ ਪੜਾਅ ਦੇ ਸੰਚਾਲਨ ਦੌਰਾਨ ਮਿਸ਼ਨ ਪੂਰਾ ਨਹੀਂ ਹੋ ਸਕਿਆ।’’
ਪੀ ਐੱਸ ਐੱਲ ਵੀ ਨੇ ਆਪਣੇ 63ਵੇਂ ਮਿਸ਼ਨ ਤਹਿਤ ਧਰਤੀ ਦੇ ਨਿਰੀਖਣ ਸੈਟੇਲਾਈਟ (ਈ ਓ ਐੱਸ-09) ਨੂੰ ਲੈ ਕੇ ਜਾਣਾ ਸੀ। ਈ ਓ ਐੱਸ ਸਾਲ 2022 ਵਿਚ ਲਾਂਚ ਕੀਤੇ ਗਏ ਈ ਓ ਐੱਸ-04 ਵਰਗਾ ਇੱਕ ਉਪਗ੍ਰਹਿ ਹੈ। ‘ਸੀ-ਬੈਂਡ ਸਿੰਥੈਟਿਕ ਅਪਰਚਰ ਰਡਾਰ’ ਨਾਲ ਲੈਸ ਈ ਓ ਐੱਸ-09 ਹਰ ਤਰ੍ਹਾਂ ਦੇ ਮੌਸਮ ਵਿੱਚ ਕਿਸੇ ਵੀ ਸਮੇਂ ਧਰਤੀ ਦੀ ਸਤਹਿ ਦੀ ‘ਹਾਈ ਰੈਜ਼ੋਲਿਊਸ਼ਨ’ ਤਸਵੀਰਾਂ ਲੈਣ ਦੇ ਸਮਰੱਥ ਹੈ। ਇਹ ਉਪਗ੍ਰਹਿ ਖੇਤੀਬਾੜੀ ਅਤੇ ਜੰਗਲਾਤ ਨਿਗਰਾਨੀ ਤੋਂ ਲੈ ਕੇ ਆਫਤ ਪ੍ਰਬੰਧਨ, ਸ਼ਹਿਰੀ ਯੋਜਨਾਬੰਦੀ ਅਤੇ ਰਾਸ਼ਟਰੀ ਸੁਰੱਖਿਆ ਤੱਕ ਦੇ ਕਾਰਜਾਂ ਲਈ ਮਹੱਤਵਪੂਰਨ ਹੈ। ਵਿਗਿਆਨੀਆਂ ਮੁਤਾਬਕ ਉਪਗ੍ਰਹਿ ਦੇ ਪ੍ਰਭਾਵਸ਼ਾਲੀ ਮਿਸ਼ਨ ਲਾਈਫ ਤੋਂ ਬਾਅਦ ਇਸ ਨੂੰ ਡੀ-ਆਰਬਿਟ ਕਰਨ ਲਈ ਕਾਫੀ ਬਾਲਣ ਰਾਖਵਾਂ ਰੱਖਿਆ ਗਿਆ ਸੀ ਤਾਂ ਜੋ ਇਸ ਨੂੰ ਦੋ ਸਾਲਾਂ ਦੇ ਅੰਦਰ ਪੰਧ ਵਿੱਚ ਹੇਠਾਂ ਲਿਆਂਦਾ ਜਾ ਸਕੇ, ਜਿਸ ਨਾਲ ਮਲਬਾ-ਮੁਕਤ ਮਿਸ਼ਨ ਯਕੀਨੀ ਬਣ ਸਕੇ।


