ਨਵੀਂ ਦਿੱਲੀ : ਪਿਛਲੇ ਦੋ ਹਫਤਿਆਂ ’ਚ ਪੰਜਾਬ, ਹਰਿਆਣਾ ਤੇ ਯੂ ਪੀ ਤੋਂ ਇੱਕ ਯੂਟਿਊਬਰ ਸਮੇਤ ਘੱਟੋ-ਘੱਟ 12 ਵਿਅਕਤੀਆਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। 6 ਨੂੰ ਪੰਜਾਬ ਤੋਂ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਚਾਰ ਨੂੰ ਗੁਆਂਢੀ ਹਰਿਆਣਾ ਤੋਂ। ਇਨ੍ਹਾਂ ਵਿੱਚੋਂ ਹਰਿਆਣਾ ਦੀ ਯੂਟਿਊਬਰ ਸਮੇਤ ਦੋ ਔਰਤਾਂ ਕਥਿਤ ਤੌਰ ’ਤੇ ਨਵੀਂ ਦਿੱਲੀ ਵਿਖੇ ਪਾਕਿਸਤਾਨ ਹਾਈ ਕਮਿਸ਼ਨ ’ਚ ਤਾਇਨਾਤ ਪਾਕਿਸਤਾਨੀ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ ਦਾਨਿਸ਼ ਦੇ ਸੰਪਰਕ ਵਿੱਚ ਸਨ, ਜਿਸ ਨੂੰ 13 ਮਈ ਨੂੰ ਭਾਰਤ ਵਿਰੁੱਧ ਜਾਸੂਸੀ ’ਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕੱਢ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵਜ਼ (ਪੀ ਆਈ ਓਜ਼) ਨੂੰ ਦੇ ਰਹੇ ਸਨ। ਉਨ੍ਹਾਂ ਦੇ ਵਿੱਤੀ ਲੈਣ-ਦੇਣ ਅਤੇ ਇਲੈਕਟਰਾਨਿਕ ਡਿਵਾਈਸਾਂ ਦੇ ਫੋਰੈਂਸਿਕ ਵਿਸ਼ਲੇਸ਼ਣ ਦੀ ਜਾਂਚ ਚੱਲ ਰਹੀ ਹੈ।
4 ਮਈ ਨੂੰ ਪੰਜਾਬ ਪੁਲਸ ਨੇ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਵਾਸੀ ਅਜਨਾਲਾ ਨੂੰ ਸਰਹੱਦੀ ਜ਼ਿਲ੍ਹੇ ਵਿੱਚ ਫੌਜ ਦੇ ਛਾਉਣੀ ਖੇਤਰਾਂ ਤੇ ਹਵਾਈ ਅੱਡਿਆਂ ਦੀਆਂ ਸੰਵੇਦਨਸ਼ੀਲ ਜਾਣਕਾਰੀਆਂ ਅਤੇ ਤਸਵੀਰਾਂ ਆਈ ਐੱਸ ਆਈ ਨੂੰ ਲੀਕ ਕਰਨ ਵਿੱਚ ਕਥਿਤ ਭੂਮਿਕਾ ਲਈ ਗਿ੍ਰਫਤਾਰ ਕੀਤਾ ਸੀ। 11 ਮਈ ਨੂੰ ਪੰਜਾਬ ਪੁਲਸ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ’ਚ ਤਾਇਨਾਤ ਅਧਿਕਾਰੀ ਦਾਨਿਸ਼ ਨਾਲ ਜੁੜੀਆਂ ਜਾਸੂਸੀ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਸੀ। ਇਨ੍ਹਾਂ ਦੀ ਪਛਾਣ ਮਲੇਰਕੋਟਲਾ ਦੀ 31 ਸਾਲਾ ਗੁਜ਼ਾਲਾ ਅਤੇ ਯਾਮੀਨ ਮੁਹੰਮਦ ਵਜੋਂ ਹੋਈ ਹੈ। ਜਾਂਚ ਅਨੁਸਾਰ ਉਹ ਵਰਗੀਕਿ੍ਰਤ ਜਾਣਕਾਰੀ ਸਾਂਝੀ ਕਰਨ ਦੇ ਬਦਲੇ ਆਨਲਾਈਨ ਲੈਣ-ਦੇਣ ਰਾਹੀਂ ਭੁਗਤਾਨ ਪ੍ਰਾਪਤ ਕਰ ਰਹੇ ਸਨ। ਪੁੱਛਗਿੱਛ ਦੌਰਾਨ ਗੁਜ਼ਾਲਾ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਹ ਇਹ ਪੈਸੇ ਲਈ ਕਰ ਰਹੀ ਸੀ ਅਤੇ ਪਾਕਿਸਤਾਨੀ ਅਧਿਕਾਰੀ ਨੇ ਉਸ ਨੂੰ ਯੂ ਪੀ ਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਰਾਹੀਂ ਦੋ ਲੈਣ-ਦੇਣ (10,000 ਰੁਪਏ ਅਤੇ 20,000 ਰੁਪਏ) ਵਿੱਚ 30,000 ਰੁਪਏ ਭੇਜੇ ਸਨ। ਪੰਜਾਬ ਪੁਲਸ ਨੇ ਗੁਰਦਾਸਪੁਰ ਤੋਂ ਵੀ ਦੋ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ 15 ਮਈ ਨੂੰ ਭਰੋਸੇਯੋਗ ਖੁਫੀਆ ਜਾਣਕਾਰੀ ਤੋਂ ਪਤਾ ਲੱਗਿਆ ਕਿ ਸੁਖਪ੍ਰੀਤ ਸਿੰਘ ਅਤੇ ਕਰਨਬੀਰ ਸਿੰਘ ‘ਅਪ੍ਰੇਸ਼ਨ ਸਿੰਧੂਰ’ ਨਾਲ ਸੰਬੰਧਤ ਵਰਗੀਕਿ੍ਰਤ ਵੇਰਵੇ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਸਾਂਝੇ ਕਰਨ ਵਿਚ ਲੱਗੇ ਹੋਏ ਸਨ। ਉਨ੍ਹਾਂ ਦੇ ਮੋਬਾਇਲ ਫੋਨਾਂ ਦੀ ਫੋਰੈਂਸਿਕ ਜਾਂਚ ਨੇ ਖੁਫੀਆ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਮੋਬਾਇਲ ਫੋਨ ਅਤੇ ਅੱਠ ਜ਼ਿੰਦਾ ਕਾਰਤੂਸ (.30 ਬੋਰ) ਬਰਾਮਦ ਕੀਤੇ ਗਏ ਹਨ। ਇਨ੍ਹਾਂ ਖਿਲਾਫ ਗੁਰਦਾਸਪੁਰ ਦੇ ਦੋਰਾਂਗਲਾ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਹਰਿਆਣਾ ਪੁਲਸ ਨੇ 15 ਮਈ ਨੂੰ ਪਾਣੀਪਤ ਜ਼ਿਲ੍ਹੇ ਤੋਂ 24 ਸਾਲਾ ਨੌਮਾਨ ਇਲਾਹੀ ਨੂੰ ਪਾਕਿਸਤਾਨ ਵਿੱਚ ਕੁਝ ਵਿਅਕਤੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਸਪਲਾਈ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ। ਜਾਂਚ ਦੇ ਅਨੁਸਾਰ ਯੂ ਪੀ ਦੇ ਕੈਰਾਨਾ ਦਾ ਇਲਾਹੀ ਵੀ ਇਕ ਪਾਕਿਸਤਾਨ-ਅਧਾਰਤ ਆਈ ਐੱਸ ਆਈ ਹੈਂਡਲਰ ਦੇ ਸੰਪਰਕ ਵਿੱਚ ਸੀ। ਇਲਾਹੀ ਇੱਕ ਫੈਕਟਰੀ ’ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਹ ਪਾਣੀਪਤ ਦੀ ਹਾਲੀ ਕਲੋਨੀ ਵਿੱਚ ਆਪਣੀ ਭੈਣ ਅਤੇ ਭਰਜਾਈ ਨਾਲ ਰਹਿ ਰਿਹਾ ਸੀ।
ਹਰਿਆਣਾ ਪੁਲਸ ਨੇ 25 ਸਾਲਾ ਪੋਸਟ-ਗ੍ਰੈਜੂਏਟ ਵਿਦਿਆਰਥੀ ਨੂੰ ਪੀ ਆਈ ਓਜ਼ ਨਾਲ ਸੰਬੰਧ ਰੱਖਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ। ਕੈਥਲ ਜ਼ਿਲ੍ਹੇ ਦੇ ਗੂਹਲਾ ਇਲਾਕੇ ਦੇ ਦਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਹਥਿਆਰਾਂ ਨਾਲ ਸੋਸ਼ਲ ਮੀਡੀਆ ’ਤੇ ਫੋਟੋਆਂ ਅਪਲੋਡ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਹੋਰ ਜਾਂਚ ਦੌਰਾਨ ਪਤਾ ਲੱਗਾ ਕਿ ਦਵਿੰਦਰ ਸਿੰਘ, ਜੋ ਕਿ ਪੰਜਾਬ ਦੇ ਇੱਕ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਕਰ ਰਿਹਾ ਸੀ, ਪਿਛਲੇ ਸਾਲ ਨਵੰਬਰ ਵਿੱਚ ਤੀਰਥ ਯਾਤਰਾ ’ਤੇ ਪਾਕਿਸਤਾਨ ਗਿਆ ਸੀ। ਇਸ ਯਾਤਰਾ ਦੌਰਾਨ ਉਹ ਕਥਿਤ ਤੌਰ ’ਤੇ ਪਾਕਿਸਤਾਨੀ ਖੁਫੀਆ ਏਜੰਸੀ ਦੇ ਸੰਪਰਕ ’ਚ ਆਇਆ ਸੀ ਅਤੇ ਵਾਪਸ ਆਉਣ ਤੋਂ ਬਾਅਦ ਵੀ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ। ਪੁਲਸ ਨੇ ਕਿਹਾ ਕਿ ਉਸ ਨੇ ਬਾਹਰੋਂ ਤਸਵੀਰਾਂ ਕਲਿੱਕ ਕਰਕੇ ਪਟਿਆਲਾ ਛਾਉਣੀ ਦੀਆਂ ਕੁਝ ਫੋਟੋਆਂ ਭੇਜਣ ਦੀ ਗੱਲ ਕਬੂਲ ਕੀਤੀ ਹੈ।
ਹਰਿਆਣਾ ਪੁਲਸ ਨੇ 16 ਮਈ ਨੂੰ ਹਿਸਾਰ ਸਥਿਤ ਯੂਟਿਊਬਰ ਜਿਓਤੀ ਮਲਹੋਤਰਾ ਨੂੰ ਪੀ ਆਈ ਓਜ਼ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਸੀ। ਮਲਹੋਤਰਾ, ਜੋ ਕਿ ਯੂਟਿਊਬ ਚੈਨਲ ‘ਟਰੈਵਲ ਵਿਦ ਜੋ’ ਚਲਾਉਂਦੀ ਸੀ, ਨੂੰ ਹਿਸਾਰ ਦੇ ਨਿਊ ਅਗਰਸੈਨ ਐਕਸਟੈਂਸ਼ਨ ਤੋਂ ਗਿ੍ਰਫਤਾਰ ਕੀਤਾ ਗਿਆ। ਉਹ ਵੀ ਕਥਿਤ ਤੌਰ ’ਤੇ ਪਾਕਿਸਤਾਨੀ ਸਟਾਫਰ ਦਾਨਿਸ਼ ਦੇ ਸੰਪਰਕ ਵਿੱਚ ਸੀ। ਉਸ ਦਾ ਯੂਟਿਊਬ ਚੈਨਲ ਉਸ ਦੀ ਪਾਕਿਸਤਾਨ ਫੇਰੀ ਬਾਰੇ ਕੁਝ ਵੀਡੀਓ ਦਿਖਾਉਂਦਾ ਹੈ, ਜਿਸ ਵਿਚ ‘ਇੰਡੀਅਨ ਗਰਲ ਇਨ ਪਾਕਿਸਤਾਨ’, ‘ਇੰਡੀਅਨ ਗਰਲ ਐਕਸਪਲੋਰਿੰਗ ਲਾਹੌਰ’, ‘ਇੰਡੀਅਨ ਗਰਲ ਐਟ ਕਟਾਸਰਾਜ ਟੈਂਪਲ’ ਅਤੇ ‘ਇੰਡੀਅਨ ਗਰਲ ਰਾਈਡਜ਼ ਲਗਜ਼ਰੀ ਬੱਸ ਇਨ ਪਾਕਿਸਤਾਨ’ ਸ਼ਾਮਲ ਹਨ। ਜਾਂਚ ਮੁਤਾਬਕ 2023 ਵਿੱਚ ਜਿਓਤੀ ਦਾਨਿਸ਼ ਦੇ ਸੰਪਰਕ ’ਚ ਉਦੋਂ ਆਈ, ਜਦੋਂ ਉਹ ਪਾਕਿਸਤਾਨ ਦਾ ਦੌਰਾ ਕਰਨ ਲਈ ਵੀਜ਼ਾ ਲੈਣ ਗਈ ਸੀ।
ਹਿਸਾਰ ਦੇ ਐੱਸ ਪੀ ਸ਼ਸ਼ਾਂਕ ਕੁਮਾਰ ਸਾਵਨ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਦੇ ਫੌਜੀ ਟਕਰਾਅ ਦੌਰਾਨ ਉਹ ਦਾਨਿਸ਼ ਦੇ ਸੰਪਰਕ ਵਿੱਚ ਰਹੀ। ਜਿਓਤੀ ਨੇ ਪਾਕਿਸਤਾਨ ਤੋਂ ਇਲਾਵਾ ਇੱਕ ਵਾਰ ਚੀਨ ਦਾ ਵੀ ਦੌਰਾ ਕੀਤਾ।
ਹਰਿਆਣਾ ਪੁਲਸ ਨੇ ਦੱਸਿਆ ਕਿ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਨੂਹ ਜ਼ਿਲ੍ਹੇ ਦੇ 26 ਸਾਲਾ ਅਰਮਾਨ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਕਰਮਚਾਰੀ ਰਾਹੀਂ ਭਾਰਤੀ ਫੌਜ ਅਤੇ ਹੋਰ ਫੌਜੀ ਗਤੀਵਿਧੀਆਂ ਨਾਲ ਸੰਬੰਧਤ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕਰਨ ਲਈ ਗਿ੍ਰਫਤਾਰ ਕੀਤਾ ਗਿਆ। ਯੂ ਪੀ ਦੇ ਰਾਮਪੁਰ ਤੋਂ ਐੱਸ ਟੀ ਐੱਫ ਦੀ ਮੁਰਾਦਾਬਾਦ ਯੂਨਿਟ ਨੇ ਸ਼ਹਿਜ਼ਾਦ ਨੂੰ ਗਿ੍ਰਫਤਾਰ ਕੀਤਾ, ਜਿਹੜਾ ਕਥਿਤ ਤੌਰ ’ਤੇ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਤ ਸੰਵੇਦਨਸ਼ੀਲ ਜਾਣਕਾਰੀ ਆਪਣੇ ਹੈਂਡਲਰਾਂ ਨੂੰ ਦੇ ਰਿਹਾ ਸੀ। ਉਹ ਕਈ ਵਾਰ ਪਾਕਿਸਤਾਨ ਗਿਆ ਅਤੇ ਸਰਹੱਦ ਪਾਰੋਂ ਕਾਸਮੈਟਿਕਸ, ਕੱਪੜੇ, ਮਸਾਲੇ ਅਤੇ ਹੋਰ ਚੀਜ਼ਾਂ ਦੀ ਤਸਕਰੀ ਕਰ ਰਿਹਾ ਸੀ।





