ਸਲਮਾਨ ਦੇ ਘਰ ਤੱਕ ਪਹੁੰਚ ਜਾਣ ਵਾਲੇ ਦੋ ਗਿ੍ਰਫਤਾਰ

0
86

ਮੁੰਬਈ : ਬਾਂਦਰਾ ਖੇਤਰ ਵਿੱਚ ਅਦਾਕਾਰ ਸਲਮਾਨ ਖਾਨ ਦੀ ਇਮਾਰਤ ਗਲੈਕਸੀ ਅਪਾਰਟਮੈਂਟਸ ਵਿੱਚ ਕਥਿਤ ਤੌਰ ’ਤੇ ਘੁਸਪੈਠ ਕਰਨ ਦੇ ਦੋਸ਼ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਬਾਂਦਰਾ ਪੁਲਸ ਨੇ ਦੱਸਿਆ ਕਿ ਜਤਿੰਦਰ ਕੁਮਾਰ ਸਿੰਘ (23) ਮੰਗਲਵਾਰ ਗਲੈਕਸੀ ਅਪਾਰਟਮੈਂਟਸ ਵਿੱਚ ਦਾਖਲ ਹੋਇਆ। ਉੱਥੇ ਤਾਇਨਾਤ ਪੁਲਸ ਜਵਾਨ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ ਸੀ ਤਾਂ ਉਸ ਨੇ ਗੁੱਸੇ ਵਿੱਚ ਆਪਣਾ ਮੋਬਾਇਲ ਫੋਨ ਜ਼ਮੀਨ ’ਤੇ ਤੋੜ ਦਿੱਤਾ। ਜਤਿੰਦਰ ਗਲੈਕਸੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਕਾਰ ਰਾਹੀਂ ਗਲੈਕਸੀ ਅਪਾਰਟਮੈਂਟਸ ਵਿੱਚ ਦਾਖਲ ਹੋਇਆ। ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਗਲੈਕਸੀ ਅਪਾਰਟਮੈਂਟਸ ਦੇ ਨਿਵਾਸੀ ਦੀ ਕਾਰ ਵਿੱਚ ਕਿਵੇਂ ਚੜ੍ਹਿਆ। ਨੌਜਵਾਨ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਉਹ ਅਦਾਕਾਰ ਨੂੰ ਮਿਲਣਾ ਚਾਹੁੰਦਾ ਸੀ। ਔਰਤ ਬੁੱਧਵਾਰ ਇਮਾਰਤ ਵਿੱਚ ਦਾਖਲ ਹੋਈ ਅਤੇ ਖਾਨ ਦੇ ਫਲੈਟ ਤੱਕ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਈ। ਇਸ ਦੌਰਾਨ ਉਸ ਨੂੰ ਫੜ ਲਿਆ ਗਿਆ। ਦੋਹਾਂ ਖਿਲਾਫ ਘੁਸਪੈਠ ਦੇ ਮਾਮਲੇ ਦਰਜ ਕੀਤੇ ਗਏ ਹਨ।
ਦੋ ਦਹਿਸ਼ਤਗਰਦ ਮਾਰੇ
ਸ੍ਰੀਨਗਰ : ਕਿਸ਼ਤਵਾੜ ਜ਼ਿਲ੍ਹੇ ਦੇ ਚਟਰੂ ਇਲਾਕੇ ਦੇ ਸਿੰਘਪੋਰਾ ਵਿੱਚ ਵੀਰਵਾਰ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਮਾਰ ਦਿੱਤੇ। ਜਵਾਨ ਜਦੋਂ ਉਨ੍ਹਾਂ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਅਚਾਨਕ ਹਮਲਾ ਕਰ ਦਿੱਤਾ। ਗੋਲੀਬਾਰੀ ਵਿੱਚ ਇੱਕ ਸਿਪਾਹੀ ਵੀ ਸ਼ਹੀਦ ਹੋ ਗਿਆ। ਜਵਾਨਾਂ ਨੂੰ ਚਾਰ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਜਵਾਨ ਦੋ ਹੋਰਨਾਂ ਦੀ ਭਾਲ ਕਰ ਰਹੇ ਸਨ।
…ਸਾਰਾ ਪਿੰਡ ਸਵਾਹ
ਬਦਾਯੂੰ : ਯੂ ਪੀ ਦੇ ਬਦਾਯੂੰ ਜ਼ਿਲ੍ਹੇ ਦੇ ਸਹਸਵਾਨ ਖੇਤਰ ਦੇ ਟੱਪਾ ਜਾਮਨੀ ਪਿੰਡ ਵਿੱਚ ਬੁੱਧਵਾਰ ਦੀ ਰਾਤ ਤੇਜ਼ ਹਨੇਰੀ ਕਾਰਨ ਟਰਾਂਸਫਾਰਮਰ ਤੋਂ ਨਿਕਲੀ ਚੰਗਿਆੜੀ ਨੇ ਕੁਝ ਸਮੇਂ ਵਿੱਚ ਹੀ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਕਰੀਬ 200 ਘਰ ਸੜ ਗਏ। ਲੋਕਾਂ ਨੇ ਭੱਜ ਕੇ ਜਾਨ ਬਚਾਈ, ਪਰ ਇੱਕ ਵਿਅਕਤੀ ਝੁਲਸ ਕੇ ਜ਼ਖਮੀ ਹੋ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਪਾਲਤੂ ਪਸ਼ੂਆਂ ਦੀ ਮੌਤ ਹੋ ਗਈ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਜਦੋਂ ਪਹੁੰਚੀਆਂ, ਉਦੋਂ ਤੱਕ ਪੂਰਾ ਪਿੰਡ ਸੜ ਕੇ ਸੁਆਹ ਹੋ ਚੁੱਕਿਆ ਸੀ।