3 ਸਾਲਾਂ ਤੋਂ ਕਾਗਜ਼ਾਂ ’ਚ ਚੱਲਿਆ ਸਕੂਲ

0
125

ਵੇਰਕਾ (ਰਾਣਾ)-ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਸਰਹਾਲਾ ’ਚ ਇੱਕ ਸਕੂਲ ਲਗਭਗ ਪਿਛਲੇ 3 ਸਾਲਾਂ ਤੋਂ ਮਹਿਜ਼ ਕਾਗਜ਼ਾਂ ਵਿੱਚ ਹੀ ਚੱਲਦਾ ਆ ਰਿਹਾ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਭਾਵੇਂ ਭਲੀਭਾਂਤ ਜਾਣਦੇ ਵੀ ਸਨ, ਪ੍ਰੰਤੂ ਸਰਕਾਰ ਤੋਂ ਸਾਬਾਸ਼ੀ ਲੈਣ ਦੇ ਚੱਕਰ ’ਚ ਉਕਤ ਸਕੂਲ ਕਾਗਜ਼ਾਂ ਵਿੱਚ ਹੀ ਚਲਦਾ ਰੱਖਿਆ। ਪਿੰਡ ਸਰਹਾਲਾ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਨੇ ਦੱਸਿਆ ਹੈ ਕਿ ਸਰਕਾਰੀ ਐਲੀ: ਸਕੂਲ ਸਰਹਾਲਾ, ਬਲਾਕ ਮਜੀਠਾ- 2 ਪਿਛਲੇ 3 ਸਾਲਾਂ ਤੋਂ ਬਿਨਾਂ ਬੱਚਿਆਂ ਦੇ ਕੇਵਲ ਕਾਗਜ਼ਾਂ ਵਿੱਚ ਚਲਦਾ ਹੈ। ਇਥੇ ਹੀ ਬੱਸ ਨਹੀਂ ਲੰਘੇ 3 ਸਾਲਾਂ ਤੋਂ ਸਕੂਲ ਨੂੰ ਨਿਰੰਤਰ ਲੱਖਾਂ ਰੁਪਏ ਗ੍ਰਾਂਟਾਂ ਵੀ ਮਿਲੀਆਂ ਹਨ। ਸਰਕਾਰ ਵੱਲੋਂ ਮਿਲਣ ਵਾਲਾ ਮੁਫਤ ਮਿੱਡ ਡੇ ਮੀਲ ਰਾਸ਼ਨ, ਕੁਕਿੰਗ ਕਾਸਟ, ਵਰਦੀਆਂ, ਕਿਤਾਬਾਂ ਤੇ ਹੋਰ ਸਹੂਲਤਾਂ ਵੀ ਮੁਹੱਈਆ ਹੋਈਆਂ ਹਨ। ਉਨ੍ਹਾ ਦੱਸਿਆ ਕਿ ਇਸ ਸੰਬੰਧ ’ਚ ਉਹ ਬਲਾਕ ਸਿੱਖਿਆ ਅਫਸਰ (ਐਲੀ:) ਮਜੀਠਾ-2 ਨੂੰ ਕਈ ਵਾਰ ਮਿਲੇ ਅਤੇ ਸ਼ਿਕਾਇਤਾਂ ਵੀ ਦਿੱਤੀਆਂ ਸਨ, ਪ੍ਰੰਤੂ ਅਧਿਕਾਰੀਆਂ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਰਕੀ। ਇਸ ਉਪਰੰਤ ਬੀ ਪੀ ਈ ਓ ਜਤਿੰਦਰ ਸਿੰਘ ਨਾਲ ਫੋਨ ਨੰ: 70099-71629 ’ਤੇ ਸੰਪਰਕ ਕੀਤਾ ਤਾਂ ਉਨ੍ਹਾ ਦੱਸਿਆ ਕਿ ਸਕੂਲ ਸਰਹਾਲਾ ’ਚ ਤਾਇਨਾਤ ਟੀਚਰ ਦਿਲਦਾਰ ਸਿੰਘ ਕਦੇ ਆਉਦਾ ਸੀ ਤੇ ਕਦੇ ਨਹੀਂ ਆਉਦਾ ਸੀ। ਜਦੋਂ ਸਾਨੂੰ ਸੈਂਟਰ ਹੈੱਡਟੀਚਰ ਲਹਿਰਕਾ ਗੁਰਦਰਸ਼ਨ ਸਿੰਘ ਲਿਖ ਕੇ ਭੇਜਦਾ ਸੀ ਕਿ ਟੀਚਰ ਸਕੂਲ ਨਹੀਂ ਆਉਦਾ ਤੇ ਅਸੀਂ ਚਿੱਠੀਆਂ ਬਣਾ ਕੇ ਅਗਾਂਹ ਭੇਜ ਦਿੰਦੇ ਸੀ।ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਕਵਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦਫਤਰ ਦਾ ਰਿਕਾਰਡ ਵਾਚਣ ’ਤੇ ਪਾਇਆ ਗਿਆ ਹੈ ਕਿ ਪਿਛਲੇ ਸੈਸ਼ਨ ’ਚ 4 ਬੱਚੇ ਮੌਜੂਦ ਸਨ, ਪਰ ਇਸ ਸੈਸ਼ਨ ’ਚ ਬੀ ਪੀ ਈ ਓ ਮਜੀਠਾ ਵੱਲੋਂ ਭੇਜੀ ਗਈ ਰਿਪੋਰਟ ਮੁਤਾਬਕ ਇਨਰੋਲਮੈਂਟ ਜ਼ੀਰੋ ਹੈ। ਪਿਛਲੇ ਦੋ ਸਾਲਾਂ ਦਾ ਰਿਕਾਰਡ ਮੰਗਵਾ ਲਿਆ ਹੈ ਤੇ ਗ੍ਰਾਂਟਾਂ ਦੀ ਕੀਤੀ ਵਰਤੋਂ ਦੀ ਪੜਤਾਲ ਕਰਵਾਈ ਜਾਵੇਗੀ।