ਨਵੀਂ ਦਿੱਲੀ : ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਨਵੀਂ ਰਿਪੋਰਟ ਅਨੁਸਾਰ 2021 ਵਿਚ ਭਾਰਤ ’ਚ ਬਲਾਤਕਾਰ ਦੇ 31,677 ਮਾਮਲੇ ਦਰਜ ਕੀਤੇ ਗਏ, ਭਾਵ ਪ੍ਰਤੀ ਦਿਨ ਔਸਤਨ 86 ਮਾਮਲੇ। ਇਸ ਦੇ ਨਾਲ ਹੀ ਉਸ ਸਾਲ ਪ੍ਰਤੀ ਘੰਟਾ ਔਰਤਾਂ ਵਿਰੁੱਧ ਅਪਰਾਧ ਦੇ 49 ਮਾਮਲੇ ਦਰਜ ਕੀਤੇ ਗਏ। ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਬਿਊਰੋ ਦੀ ‘ਕ੍ਰਾਈਮ ਇਨ ਇੰਡੀਆ 2021’ ਰਿਪੋਰਟ ਅਨੁਸਾਰ ਸਾਲ 2020 ਵਿਚ ਬਲਾਤਕਾਰ ਦੇ 28,046 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2019 ’ਚ 32,033 ਮਾਮਲੇ ਦਰਜ ਕੀਤੇ ਗਏ ਸਨ। 2021 ਵਿੱਚ ਰਾਜਸਥਾਨ ਵਿਚ ਸਭ ਤੋਂ ਵੱਧ 6,337 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ, ਇਸ ਤੋਂ ਬਾਅਦ ਮੱਧ ਪ੍ਰਦੇਸ਼ 2,947, ਮਹਾਰਾਸ਼ਟਰ 2,496, ਯੂ ਪੀ 2,845 ਤੇ ਦਿੱਲੀ ’ਚ 1,250 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ।