ਬਿਲਾਸਪੁਰ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਬੰਦਲਾ ਹਾਈਡਰੋ ਇੰਜਨੀਅਰਿੰਗ ਕਾਲਜ ਦੇ ਡਾਇਰੈਕਟਰ-ਕਮ-ਪਿ੍ਰੰਸੀਪਲ ਨੂੰ ਵਿਦਿਆਰਥਣਾਂ ਵੱਲੋਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਕੀਤੇ ਜਾਣ ਤੋਂ ਬਾਅਦ ਗਿ੍ਰਫਤਾਰ ਕਰ ਲਿਆ ਗਿਆ ਹੈ। ਵੀਰਵਾਰ ਵਿਦਿਆਰਥੀਆਂ ਨੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀ ਫੌਰੀ ਗਿ੍ਰਫਤਾਰੀ ਦੀ ਮੰਗ ਕਰਦੇ ਹੋਏ ਮੁਜ਼ਾਹਰਾ ਕੀਤਾ ਸੀ। ਵੀਡੀਓ ਵਿੱਚ ਮੁਲਜ਼ਮ ਕਥਿਤ ਤੌਰ ’ਤੇ ਕੰਬਲ ਹੇਠ ਹਸਪਤਾਲ ਵਿੱਚ ਦਾਖਲ ਇੱਕ ਵਿਦਿਆਰਥਣ ਨੂੰ ਗਲਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਸ ਨੇ ਕਿਹਾ ਕਿ ਇਹ ਕਥਿਤ ਘਟਨਾ ਮਾਰਚ 2024 ਵਿੱਚ ਵਾਪਰੀ ਸੀ। ਇਸੇ ਦੌਰਾਨ, ਸੁੰਦਰਨਗਰ ਇੰਜੀਨੀਅਰਿੰਗ ਕਾਲਜ ਦੀ ਇੱਕ ਸਾਬਕਾ ਵਿਦਿਆਰਥਣ ਵੱਲੋਂ ਅਪਰੈਲ ਵਿੱਚ ਈ-ਸਮਾਧਾਨ ਪੋਰਟਲ ’ਤੇ ਉਸੇ ਵਿਅਕਤੀ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਵੀ ਇੰਟਰਨੈੱਟ ’ਤੇ ਵਾਇਰਲ ਹੋ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਕਾਲਜ ਵਿੱਚ ਪੜ੍ਹ ਰਹੀ ਸੀ ਤਾਂ ਬੰਦਲਾ ਹਾਈਡਰੋ ਇੰਜੀਨੀਅਰਿੰਗ ਕਾਲਜ ਦੇ ਮੌਜੂਦਾ ਡਾਇਰੈਕਟਰ, ਜੋ ਉਸ ਸਮੇਂ ਉੱਥੇ ਇੱਕ ਸੀਨੀਅਰ ਫੈਕਲਟੀ ਵਜੋਂ ਤਾਇਨਾਤ ਸੀ, ਨੇ ਉਸ ਨਾਲ ਅਣਉਚਿੱਤ ਵਿਹਾਰ ਕੀਤਾ ਸੀ।




