ਕੁਰੂਕਸ਼ੇਤਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ ਐੱਸ ਜੀ ਪੀ ਸੀ) ਦੀ ਸ਼ੁੱਕਰਵਾਰ 11 ਮੈਂਬਰੀ ਐਗਜ਼ੈਕਟਿਵ ਦੀ ਚੋਣ ਕੀਤੀ ਗਈ ਅਤੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਤੇ ਜਥੇਦਾਰ ਅੰਗਰੇਜ਼ ਸਿੰਘ ਕੰਬੋਜ ਰਾਣੀਆਂ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਜਥੇਦਾਰ ਝੀਂਡਾ ਦੂਜੀ ਵਾਰ ਪ੍ਰਧਾਨ ਬਣੇ ਹਨ। ਗੁਰਮੀਤ ਸਿੰਘ ਮੀਤਾ ਪੰਚਕੂਲਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਰਾਦੌਰ ਨੂੰ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਭਿੰਡਰ ਕਾਂਗਥਲੀ ਨੂੰ ਸਕੱਤਰ ਚੁਣਿਆ ਗਿਆ। ਪੰਜ ਅਹੁਦੇਦਾਰਾਂ ਤੋਂ ਇਲਾਵਾ ਕਰਨੈਲ ਸਿੰਘ ਨਿਮਨਾਬਾਦ, ਪਲਵਿੰਦਰ ਸਿੰਘ ਦਰਡ, ਕੁਲਦੀਪ ਸਿੰਘ ਮੁਲਤਾਨੀ, ਰੁਪਿੰਦਰ ਸਿੰਘ ਪੰਜੋਖਰਾ, ਜਗਤਾਰ ਸਿੰਘ ਮਾਨ ਅਤੇ ਟੀਪੀ ਸਿੰਘ ਐਗਜ਼ੈਕਟਿਵ ਮੈਂਬਰ ਚੁਣੇ ਗਏ।



