ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵਿੱਤੀ ਸਾਲ 24-25 ਲਈ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ’ਤੇ 8.25 ਫੀਸਦੀ ਵਿਆਜ ਦਰ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਨਾਲ ਰਿਟਾਇਰਮੈਂਟ ਫੰਡ ਸੰਸਥਾ ਈ ਪੀ ਐੱਫ ਓ ਆਪਣੇ 7 ਕਰੋੜ ਤੋਂ ਵੱਧ ਸਬਸਕ੍ਰਾਈਬਰਾਂ ਦੇ ਸੇਵਾ-ਮੁਕਤੀ ਤੋਂ ਬਾਅਦ ਦੇ ਫੰਡਾਂ ਵਿੱਚ ਸਾਲਾਨਾ ਵਿਆਜ ਇਕੱਠਾ ਕਰਨ ਦੇ ਯੋਗ ਹੋ ਗਈ ਹੈ। ਈ ਪੀ ਐੱਫ ਓ ਨੇ 28 ਫਰਵਰੀ ਨੂੰ ਵਿੱਤੀ ਸਾਲ 2024-25 ਲਈ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਜਮ੍ਹਾਂ ’ਤੇ 8.25 ਫੀਸਦੀ ਦੀ ਵਿਆਜ ਦਰ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਸੀ, ਜੋ ਪਿਛਲੇ ਵਿੱਤੀ ਸਾਲ ਵਿੱਚ ਪ੍ਰਦਾਨ ਕੀਤੀ ਗਈ ਦਰ ਦੇ ਬਰਾਬਰ ਹੈ। ਸਾਲ 2024-25 ਲਈ ਪ੍ਰਵਾਨਤ ਵਿਆਜ ਦਰ ਵਿੱਤ ਮੰਤਰਾਲੇ ਦੀ ਸਹਿਮਤੀ ਲਈ ਭੇਜੀ ਗਈ ਸੀ। ਕਿਰਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਵਿੱਤ ਮੰਤਰਾਲੇ ਨੇ 2024-25 ਵਿੱਤੀ ਸਾਲ ਲਈ 8.25 ਫੀਸਦੀ ਵਿਆਜ ਦਰ ਨੂੰ ਸਹਿਮਤੀ ਦੇ ਦਿੱਤੀ ਹੈ ਅਤੇ ਕਿਰਤ ਮੰਤਰਾਲੇ ਨੇ ਵੀਰਵਾਰ ਨੂੰ ਈ ਪੀ ਐੱਫ ਓ ਨੂੰ ਇਸ ਸੰਬੰਧੀ ਇੱਕ ਜਾਣਕਾਰੀ ਭੇਜੀ ਹੈ।ਹੁਣ ਇਸ ਅਨੁਸਾਰ ਵਿਆਜ ਦੀ ਰਕਮ ਮੈਂਬਰਾਂ ਦੇ ਖਾਤਿਆਂ ਵਿੱਚ ਜਮ੍ਹਾ ਕੀਤੀ ਜਾਵੇਗੀ।’


