ਸ੍ਰੀਨਗਰ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਨਿੱਚਰਵਾਰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਪਾਕਿਸਤਾਨੀ ਹਮਲੇ ਦੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾ ਕ੍ਰਾਈਸਟ ਪਬਲਿਕ ਸਕੂਲ, ਜਿਸ ਦੇ ਦੋ ਵਿਦਿਆਰਥੀ ਪਾਕਿਸਤਾਨੀ ਗੋਲਾਬਾਰੀ ਵਿੱਚ ਮਾਰੇ ਗਏ, ਦੇ ਬੱਚਿਆਂ ਨੂੰ ਮਿਲਦਿਆਂ ਕਿਹਾ, ‘ਖੂਬ ਮਨ ਲਾ ਕੇ ਪੜ੍ਹੋ, ਖੂਬ ਖੇਡੋ ਤੇ ਸਕੂਲ ਵਿੱਚ ਬਹੁਤ ਸਾਰੇ ਦੋਸਤ ਬਣਾਓ।’ ਲੋਕਾਂ ਨੇ ਰਾਹੁਲ ਨੂੰ ਉਥੋਂ ਦੇ ਹਾਲਾਤ ਬਾਰੇ ਜਾਣੂ ਕਰਵਾਉਂਦਿਆਂ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ। ਉਨ੍ਹਾ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਕਾਰਨ ਸਥਾਨਕ ਖੇਤਰ ਵਿੱਚ ਡਰ ਦਾ ਮਾਹੌਲ ਸੀ। ਪਹਿਲਗਾਮ ਹਮਲੇ ਤੋਂ ਬਾਅਦ ਰਾਹੁਲ ਦਾ ਕੇਂਦਰ ਸ਼ਾਸਤ ਪ੍ਰਦੇਸ਼ ਦਾ ਇਹ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਨ੍ਹਾ 25 ਅਪਰੈਲ ਨੂੰ ਦਹਿਸ਼ਤੀ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਲਈ ਸ੍ਰੀਨਗਰ ਦਾ ਦੌਰਾ ਕੀਤਾ ਸੀ।