ਮੁੰਬਈ : ਸ਼ੁਭਮਨ ਗਿੱਲ ਨੂੰ ਸਨਿੱਚਰਵਾਰ ਨੂੰ ਭਾਰਤੀ ਕਿ੍ਰਕਟ ਟੈਸਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ, ਜਦੋਂ ਕਿ ਰਿਸ਼ਭ ਪੰਤ ਉਪ ਕਪਤਾਨ ਹੋਵੇਗਾ। ਇਨ੍ਹਾਂ ਦੀ ਇਹ ਨਵੀਂ ਜ਼ਿੰਮੇਵਾਰੀ ਇੰਗਲੈਂਡ ਵਿੱਚ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਸ਼ੁਰੂ ਹੋਵੇਗੀ। ਟੀਮ ਦੀ ਅਗਵਾਈ ਬਾਰੇ ਚੋਣਕਾਰਾਂ ਦਾ ਫੈਸਲਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਉਮੀਦ ਅਨੁਸਾਰ ਹੀ ਆਇਆ ਹੈ। ਇਸ ਦੇ ਨਾਲ ਹੀ ਨੌਜਵਾਨ ਖੱਬੂ ਖਿਡਾਰੀ ਬੀ ਸਾਈ ਸੁਧਰਸਨ ਆਪਣਾ ਪਹਿਲਾ ਟੈਸਟ ਖੇਡੇਗਾ। ਟੀਮ ਵਿੱਚ ਕਰੁਣ ਨਾਇਰ ਵੀ ਹੈ, ਜੋ ਸੱਤ ਸਾਲਾਂ ਬਾਅਦ ਕੌਮੀ ਸੈੱਟਅੱਪ ਵਿੱਚ ਵਾਪਸੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇੱਕ ਅਹਿਮ ਛਾਂਟੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਰਹੀ ਹੈ, ਜਿਸ ਨੂੰ ਲੰਮੀ ਲੜੀ ਲਈ ਲੋੜ ਮੁਤਾਬਕ ਫਿੱਟ ਨਹੀਂ ਮੰਨਿਆ ਗਿਆ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਉਮੀਦ ਹੈ ਕਿ ਗਿੱਲ ਟੀਮ ਨੂੰ ਲੈ ਕੇ ਅੱਗੇ ਵਧੇਗਾ। ਇਹ ਭਾਰੀ ਦਬਾਅ ਵਾਲਾ ਕੰਮ ਹੈ, ਪਰ ਉਹ ਇੱਕ ਸ਼ਾਨਦਾਰ ਖਿਡਾਰੀ ਹੈ।
ਟੀਮ ਇੰਜ ਹੈ : ਸ਼ੁਭਮਨ ਗਿੱਲ, ਰਿਸ਼ਭ ਪੰਤ, ਯਸ਼ਸਵੀ ਜੈਸਵਾਲ, ਕੇ ਐੱਲ ਰਾਹੁਲ, ਸਾਈ ਸੁਧਰਸਨ, ਅਭਿਮੰਨਿਊ ਈਸ਼ਵਰਨ, ਕਰੁਣ ਨਾਇਰ, ਨਿਤੀਸ਼ ਰੈਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕਿ੍ਰਸ਼ਨਾ, ਅਕਾਸ਼ਦੀਪ, ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ।