ਜੰਗੀ ਜਨੂੰਨ

0
159

ਆਰ ਐੱਸ ਐੱਸ ਤੇ ਭਾਜਪਾ ਦਹਾਕਿਆਂ ਤੋਂ ਲੋਕਾਂ, ਖਾਸ ਤੌਰ ’ਤੇ ਲੋਕਾਂ ਦੇ ਇੱਕ ਹਿੱਸੇ ਵਿੱਚ ਇੱਕ ਅਜਿਹਾ ਮਨੋਵਿਗਿਆਨ ਪੈਦਾ ਕਰਨ ਵਿੱਚ ਲੱਗੇ ਹੋਏ ਹਨ, ਜਿਸ ਦਾ ਨਤੀਜਾ ਨਫਰਤ ਤੇ ਜੰਗੀ ਜਨੂੰਨ ਵਿੱਚ ਨਿਕਲਦਾ ਹੈ, ਪਰ ਇਸ ਤਰ੍ਹਾਂ ਦਾ ਵਾਤਾਵਰਣ ਕਿਸੇ ਦੇ ਕੰਟਰੋਲ ਵਿੱਚ ਨਹੀਂ ਰਹਿੰਦਾ। ਇਹ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ 26 ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ। ਪਹਿਲਗਾਮ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਨਾਲ ਫੌਜੀ ਟਕਰਾਅ ਚਾਰ ਦਿਨਾਂ ਵਿੱਚ ਬੰਦ ਹੋ ਗਿਆ ਤਾਂ ਜਨੂੰਨੀ ਸਮੂਹ ਹਾਕਮਾਂ ਦੇ ਖਿਲਾਫ ਹੀ ਹੋ ਨਿਕਲੇ। ਹਾਕਮਾਂ ਤੇ ਮੀਡੀਆ ਨੇ ਜਿਹੜਾ ਵਾਤਾਵਰਣ ਤਿਆਰ ਕੀਤਾ ਸੀ, ਉਸ ਦਾ ਨਤੀਜਾ ਇਹ ਨਿਕਲਿਆ ਕਿ ਜਨੂੰਨੀ ਸਮੂਹ ਜੰਗਬੰਦੀ ਨੂੰ ਦੇਸ਼ ਦੀ ਕਮਜ਼ੋਰੀ ਕਰਾਰ ਦੇਣ ਲੱਗੇ।
ਸਾਡੇ ਦੇਸ਼ ਵਿੱਚ ਜੰਗ ਦੇ ਖਿਲਾਫ ਸਿਧਾਂਤਕ ਆਵਾਜ਼ ਉਠਾਉਣ ਦੀ ਇੱਕ ਸਿਹਤਮੰਦ ਪਰੰਪਰਾ ਰਹੀ ਹੈ। ਵਿਦਿਆਰਥੀ ਤੇ ਨੌਜਵਾਨ ਤਾਂ ਖਾਸ ਤੌਰ ’ਤੇ ਇਸ ਮਾਮਲੇ ਵਿੱਚ ਅੱਗੇ ਰਹੇ ਹਨ, ਪਰ ਇਸ ਵਾਰ ਨੌਜਵਾਨ ਤੇ ਵਿਦਿਆਰਥੀ ਜੰਗ ਲਈ ਜਨੂੰਨੀ ਨਜ਼ਰ ਆਏ। ਨੌਜਵਾਨਾਂ ਤੇ ਵਿਦਿਆਰਥੀਆਂ ਨੇ ਉਸ ਤਰ੍ਹਾਂ ਦੇ ਮੁਜ਼ਾਹਰੇ ਨਹੀਂ ਕੀਤੇ, ਜਿਸ ਤਰ੍ਹਾਂ ਦੇ ਵੀਅਤਨਾਮ ਉੱਤੇ ਅਮਰੀਕਾ ਦੇ ਹਮਲੇ ਅਤੇ ਫਲਸਤੀਨੀਆਂ ਉੱਤੇ ਇਜ਼ਰਾਈਲ ਦੇ ਹਮਲਿਆਂ ਵੇਲੇ ਕਦੇ ਕਰਦੇ ਰਹੇ। ਦਰਅਸਲ ਭਾਜਪਾ ਤੇ ਆਰ ਐੱਸ ਐੱਸ ਦੀ ਗਿਣੀ-ਮਿੱਥੀ ਸਿਆਸਤ ਨੇ ਜੰਗੀ ਜਨੂੰਨ ਨੂੰ ਇਸ ਕਦਰ ਵਧਾ ਦਿੱਤਾ ਹੈ ਕਿ ਪ੍ਰਗਤੀਸ਼ੀਲ ਤਬਕਾ ਵੀ ਅਮਨ ਦੀ ਗੱਲ ਕਰਨ ਤੋਂ ਡਰ ਰਿਹਾ ਹੈ। ਵਰਤਮਾਨ ਵਿੱਚ ਭਾਰਤ ਇੱਕ ਅਜਿਹੇ ਸੰਕਟ ਵਿੱਚੋਂ ਲੰਘ ਰਿਹਾ ਹੈ, ਜਿੱਥੇ ਜੰਗ ਦੀ ਭਾਸ਼ਾ ਨੂੰ ਦੇਸ਼ ਭਗਤੀ ਤੇ ਅਮਨ ਦੀ ਭਾਸ਼ਾ ਨੂੰ ਦੇਸ਼ਧੋ੍ਰਹ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਭਾਜਪਾ ਤੇ ਆਰ ਐੱਸ ਐੱਸ ਦੀ ਨਫਰਤ ਆਧਾਰਤ ਸਿਆਸਤ ਨੇ ਨਾ ਸਿਰਫ ਆਮ ਲੋਕਾਂ ਵਿੱਚ ਸਗੋਂ ਬੁੱਧੀਜੀਵੀਆਂ ਤੇ ਪ੍ਰਗਤੀਸ਼ੀਲ ਤਬਕਿਆਂ ਵਿੱਚ ਵੀ ਇੱਕ ਅਜਿਹਾ ਭੈਅ ਪੈਦਾ ਕਰ ਦਿੱਤਾ ਹੈ ਕਿ ਉਹ ਖੁੱਲ੍ਹ ਕੇ ਅਮਨ ਤੇ ਵਿਵੇਕ ਦੀਆਂ ਗੱਲਾਂ ਕਰਨ ਤੋਂ ਕਤਰਾਉਣ ਲੱਗੇ ਹਨ। ਇਹ ਸਮਝਣਾ ਹੋਵੇਗਾ ਕਿ ਜੰਗ ਦਾ ਸਭ ਤੋਂ ਵੱਡਾ ਬੋਝ ਮਿਹਨਤਕਸ਼ ਲੋਕਾਂ, ਫੌਜੀਆਂ ਦੇ ਪਰਵਾਰਾਂ ਤੇ ਆਮ ਨਾਗਰਿਕਾਂ ’ਤੇ ਪੈਂਦਾ ਹੈ, ਜਦਕਿ ਮੁਨਾਫਾ ਹਥਿਆਰ ਉਦਯੋਗ ਤੇ ਹੁਕਮਰਾਨ ਵਰਗ ਦੇ ਹੱਥ ਵਿੱਚ ਆਉਦਾ ਹੈ। ਅਜਿਹੇ ਦੌਰ ਵਿੱਚ ਜਦ ਅਖੌਤੀ ਰਾਸ਼ਟਰਵਾਦ ਦਾ ਮਤਲਬ ਹੀ ਨਫਰਤ, ਹਿੰਸਾ ਤੇ ਜੰਗ ਨਾਲ ਜੋੜ ਦਿੱਤਾ ਗਿਆ ਹੈ, ਅਮਨ ਤੇ ਮਾਨਵਤਾ ਦੀ ਗੱਲ ਕਰਨਾ ਹੀ ਅਸਲ ਸਾਹਸ ਤੇ ਅਸਲ ਦੇਸ਼ ਭਗਤੀ ਹੈ। ਦੇਸ਼ ਦੇ ਪ੍ਰਗਤੀਸ਼ੀਲ ਲੋਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਘੁਟਣ ਭਰੇ ਮਾਹੌਲ ਵਿੱਚ ਸਪੱਸ਼ਟ, ਸਿਧਾਂਤਕ ਤੇ ਨਿਡਰ ਆਵਾਜ਼ ਵਿੱਚ ਜੰਗੀ ਜਨੂੰਨ ਦਾ ਵਿਰੋਧ ਕਰਨ ਅਤੇ ਅਮਨ, ਜਮਹੂਰੀਅਤ ਤੇ ਲੋਕ-ਹਿੱਤਾਂ ਦੇ ਹੱਕ ’ਚ ਡਟ ਕੇ ਖੜ੍ਹੇ ਹੋਣ। ਲੋਕਾਂ ਨੂੰ ਜਾਗਰਤ ਕਰਨ ਕਿ ਹੁਕਮਰਾਨ ਵਰਗ ਜੰਗ ਦੀ ਹਮੇਸ਼ਾ ਆਪਣੇ ਲਾਭ ਲਈ ਵਰਤੋਂ ਕਰਦਾ ਹੈ। ਇਤਿਹਾਸ ਵਿੱਚ ਇੱਕ ਸਥਾਪਤ ਤੱਥ ਹੈ ਕਿ ਹਾਕਮਾਂ ਨੇ ਆਰਥਕ ਸੰਕਟਾਂ ਵਿੱਚੋਂ ਉਭਰਨ ਲਈ ਅਕਸਰ ਜੰਗ ਦਾ ਸਹਾਰਾ ਲਿਆ ਹੈ। ਇਹ ਉਸ ਵੇਲੇ ਹੋਰ ਵੀ ਜ਼ਰੂਰੀ ਹੋ ਗਿਆ ਹੈ, ਜਦ ਮੋਦੀ ਸਰਕਾਰ ਐਲਾਨ ਚੁੱਕੀ ਹੈ ਕਿ ਦਹਿਸ਼ਤਗਰਦਾਂ ਨੇ ਫਿਰ ਕੋਈ ਕਾਰਾ ਕੀਤਾ ਤਾਂ ਉਸ ਨੂੰ ਜੰਗ ਮੰਨਿਆ ਜਾਵੇਗਾ।