ਰਾਤ ਦੇ ਹਨੇਰੇ ’ਚ ਮਾਓਵਾਦੀਆਂ ਦਾ ਸਸਕਾਰ ਅਣਮਨੁੱਖੀ ਤੇ ਗੈਰ-ਕਾਨੂੰਨੀ : ਦੇਸ਼ ਭਗਤ ਕਮੇਟੀ

0
92

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਛੱਤੀਸਗੜ੍ਹ ਪੁਲਸ ਵੱਲੋਂ ਸੀ ਪੀ ਆਈ (ਮਾਓਵਾਦੀ) ਦੇ ਜਨਰਲ ਸਕੱਤਰ ਕੇਸ਼ਵ ਰਾਓ ਅਤੇ ਸੱਤ ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਿਸਾਂ ਨੂੰ ਅੰਤਮ ਸੰਸਕਾਰ ਲਈ ਨਾ ਦੇਣ ਅਤੇ ਪਰਵਾਰਾਂ ਦੀ ਸਹਿਮਤੀ ਲਏ ਤੋਂ ਬਿਨਾਂ ਹੀ ਨਰਾਇਣਪੁਰ ਵਿਖੇ ਸਸਕਾਰ ਕਰ ਦੇਣ ਦੀ ਹਰ ਮਨੁੱਖ ਹਿਤੈਸ਼ੀ, ਜਮਹੂਰੀ, ਇਨਸਾਫ਼ ਪਸੰਦ ਅਤੇ ਸਮਾਜਿਕ, ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਇਨਸਾਨ ਅਤੇ ਸੰਸਥਾਵਾਂ ਨੂੰ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਨ ਲਈ ਅੱਗੇ ਆਉਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਇਤਿਹਾਸ ਦੀਆਂ ਫਾਈਲਾਂ ਬੋਲਦੀਆਂ ਹਨ ਕਿ ਬਰਤਾਨਵੀ ਹਕੂਮਤ ਨੇ 23 ਮਾਰਚ 1931 ਨੂੰ ਲਾਹੌਰ ਕੇਂਦਰੀ ਜੇਲ੍ਹ ਵਿਚ ਫਾਂਸੀ ਦੇ ਕੇ ਰਾਤ ਦੇ ਹਨੇਰੇ ਵਿਚ ਹੁਸੈਨੀਵਾਲਾ ਵਿਖੇ ਸਤਲੁਜ ਦੇ ਕੰਢੇ ਲਿਜਾ ਕੇ ਅੱਧ ਜਲੀਆਂ ਲਾਸ਼ਾਂ ਨੂੰ ਦਰਿਆ ਵਿਚ ਵਗਾਹ ਮਾਰ ਕੇ ਭਰਮ ਪਾਲਿਆ ਸੀ ਕਿ ਇਉ ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ ਆਜ਼ਾਦੀ ਅਤੇ ਇਨਕਲਾਬ ਦੇ ਰਾਹ ਤੋਂ ਡੱਕ ਲਿਆ ਜਾਏਗਾ।
ਉਹਨਾਂ ਕਿਹਾ ਕਿ ਜਮਹੂਰੀਅਤ ਦਾ ਢੋਲ ਪਿੱਟਣ ਵਾਲੀ ਭਾਜਪਾ ਹਕੂਮਤ ਨੇ ਦਰਸਾਅ ਦਿੱਤਾ ਕਿ ਉਹ ਬਰਤਾਨਵੀ ਹਾਕਮਾਂ ਦੀਆਂ ਪੈੜਾਂ ਦੇ ਹੀ ਰਾਹਗੀਰ ਹਨ।ਕਮੇਟੀ ਦਾ ਕਹਿਣਾ ਹੈ ਕਿ ਮਿ੍ਰਤਕਾਂ ਦੇ ਪਰਵਾਰ, ਸਾਕ-ਸੰਬੰਧੀ ਸਮਾਜਿਕ, ਜਮਹੂਰੀ ਸਰੋਕਾਰਾਂ ਨਾਲ ਜੁੜੀਆਂ ਸੰਸਥਾਵਾਂ ਅਤੇ ਨਾਮਵਰ ਵਿਦਵਾਨ ਸ਼ਖ਼ਸੀਅਤਾਂ ਕਥਿਤ ਮੁਕਾਬਲੇ ਦੀਆਂ ਖ਼ਬਰਾਂ ਆਉਣ ਤੋਂ ਲੈ ਕੇ ਹੀ ਨਰਾਇਣਪੁਰ ਵਿਖੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਦੀ ਮੰਗ ਕਰਦੇ ਆ ਰਹੇ ਹਨ।ਮੀਡੀਆ ਗਵਾਹ ਹੈ ਕਿ ਪਰਵਾਰਕ ਮੈਂਬਰਾਂ ਨੂੰ ਟਾਲ-ਮਟੋਲ ਕਰਕੇ ਵਕਤ ਟਪਾਈ ਕੀਤੀ ਗਈ ਅਤੇ ਅਖੀਰ ਮਨਘੜਤ ਕਹਾਣੀ ਘੜ ਕੇ ਨੰਗਾ ਚਿੱਟਾ ਝੂਠ ਮਾਰਿਆ ਗਿਆ ਕਿ ਮਿ੍ਰਤਕਾਂ ਦੇ ਪਰਵਾਰਾਂ ਨੇ ਪੁਲਸ ਜਾਂ ਪ੍ਰਸ਼ਾਸਨਕ ਅਧਿਕਾਰੀਆਂ ਤੱਕ ਪਹੁੰਚ ਹੀ ਨਹੀਂ ਕੀਤੀ ਅਤੇ ਲਾਸ਼ਾਂ ਗਲ-ਸੜ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਅਗਨਭੇਂਟ ਕਰ ਦਿੱਤਾ ਗਿਆ।ਆਗੂਆਂ ਨੇ ਕਿਹਾ ਕਿ ਜ਼ਿਕਰਯੋਗ ਹੈ ਕਿ ਕਾ. ਕੇਸ਼ਵ ਰਾਓ ਦੇ ਭਰਾ ਨੰਬਾਲਾ ਰਾਮ ਪ੍ਰਸਾਦ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਪੰਜ ਮਾਓਵਾਦੀਆਂ ਦੇ ਵਾਰਿਸਾਂ ਨੇ ਲਾਸ਼ਾਂ ਸੰਬੰਧਤ ਪਰਵਾਰਾਂ ਦੇ ਸਪੁਰਦ ਕੀਤੇ ਜਾਣ ਦਾ ਆਦੇਸ਼ ਆਂਧਰਾ ਪ੍ਰਦੇਸ਼ ਹਾਈਕੋਰਟ ਤੋਂ ਜਾਰੀ ਕਰਵਾ ਕੇ ਪੁਲਸ ਅਧਿਕਾਰੀਆਂ ਅੱਗੇ ਬਾਕਾਇਦਾ ਆਪਣੇ ਸ਼ਨਾਖ਼ਤੀ ਦਸਤਾਵੇਜ਼ ਪੇਸ਼ ਕੀਤਾ ਅਤੇ ਉਨ੍ਹਾਂ ਵੱਲੋਂ ਪੁਲਸ ਅਧਿਕਾਰੀਆਂ ਦੀ ਟਾਲ-ਮਟੋਲ ਵਿਰੁੱਧ ਨਰਾਇਣਪੁਰ ਮੁਜ਼ਾਹਰਾ ਵੀ ਕੀਤਾ। ਮਨੁੱਖੀ ਅਧਿਕਾਰਾਂ ਦੀ ਅਣਥੱਕ ਕਾਮਾਂ ਬੇਲਾ ਭਾਟੀਆ ਲਗਾਤਾਰ ਮਿ੍ਰਤਕਾਂ ਦੇ ਵਾਰਸਾਂ ਦੇ ਅੰਗ ਸੰਗ ਰਹੇ। ਇਸ ਦਾ ਪ੍ਰਮਾਣ ਮੀਡੀਆ ਕਵਰੇਜ ਦੇ ਮੂੰਹੋਂ ਬੋਲਦਾ ਹੈ। ਉਹਨਾਂ ਕਿਹਾ ਕਿ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਰਾਤ ਨੂੰ ਲਾਸ਼ਾਂ ਸਾੜ ਦਿੱਤੀਆਂ ਗਈਆਂ । ਚਾਰ ਦਿਨ ਤੱਕ ਲਾਸ਼ਾਂ ਨੂੰ ਬਿਨਾਂ ਫਰੀਜ਼ਰ ਤੋਂ ਖੁੱਲ੍ਹੇ ਅਸਮਾਨ ਵਿੱਚ ਰੱਖ ਕੇ ਮਨੁੱਖੀ ਸਰੀਰਾਂ ਦਾ ਨਿਰਾਦਰ ਕਰਕੇ ਪੂਰੀ ਮਾਨਵਤਾ ਦਾ ਅਪਮਾਨ ਕੀਤਾ ਹੈ । ਉਨ੍ਹਾਂ ਮੰਗ ਕੀਤੀ ਕਿ ਹਾਈਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਾਲੇ ਪੁਲਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਦਿਵਾਸੀਆਂ ਉਪਰ ਕਹਿਰ ਦੇ ਝੱਖੜ ਝੁਲਾਉਣਾ ਬੰਦ ਕੀਤਾ ਜਾਏ। ਇਸ ਲਈ ਸਮੂਹ ਲੋਕ ਹਿਤੈਸ਼ੀ, ਜਮਹੂਰੀ ਮਾਨਵੀ ਕਦਰਾਂ ਕੀਮਤਾਂ ਪ੍ਰਤੀ ਸਰੋਕਾਰ ਰੱਖਣ ਵਾਲੇ ਸਭਨਾਂ ਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।