ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਮੰਗਲਵਾਰ ਕਿਹਾ ਕਿ ਪੂਰੇ ਦੇਸ਼ ਵਿਚ ਪੱਛੜੇ ਵਰਗਾਂ ਨਾਲ ਸੰਬੰਧਤ ਯੋਗ ਉਮੀਦਵਾਰਾਂ ਨੂੰ ਗਿਣਮਿਥ ਕੇ ਅਯੋਗ ਐਲਾਨਿਆ ਜਾ ਰਿਹਾ ਹੈ, ਤਾਂ ਕਿ ਉਨ੍ਹਾਂ ਨੂੰ ਸਿੱਖਿਆ ਤੇ ਲੀਡਰਸ਼ਿਪ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਹੀ ਵਿੱਚ ਪੂਰੇ ਦੇਸ਼ ’ਚ ਜਾਤੀ ਜਨਗਣਨਾ ਕਰਵਾਉਣ ਦਾ ਐਲਾਨ ਕੀਤਾ ਹੈ। ਰਾਹੁਲ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘ਯੋਗ ਉਮੀਦਵਾਰ ਨਹੀਂ ਮਿਲਿਆ’ (ਨਾਟ ਫਾਊਂਡ ਸੂਟੇਬਲ-ਐੱਨ ਐੱਫ ਐੱਸ) ਹੁਣ ਨਵਾਂ ਮਨੂੰਵਾਦ ਹੈ। ਐੱਸ ਸੀ/ਐੱਸ ਟੀ/ਓ ਬੀ ਸੀ ਦੇ ਯੋਗ ਉਮੀਦਵਾਰਾਂ ਨੂੰ ਜਾਣਬੁਝ ਕੇ ‘ਅਨਫਿਟ’ (ਅਯੋਗ) ਐਲਾਨਿਆ ਜਾ ਰਿਹਾ ਹੈ, ਤਾਂ ਕਿ ਉਹ ਸਿੱਖਿਆ ਤੇ ਲੀਡਰਸ਼ਿਪ ਤੋਂ ਦੂਰ ਰਹਿਣ।’ ਉਨ੍ਹਾ ਡਾ. ਬੀ ਆਰ ਅੰਬੇਡਕਰ ਦੇ ਹਵਾਲੇ ਨਾਲ ਕਿਹਾ ਕਿ ‘ਬਰਾਬਰੀ ਲਈ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ।’ ਉਨ੍ਹਾ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਸਰਕਾਰ ਇਸ ਹਥਿਆਰ ਨੂੰ ਖੁੰਢਾ ਕਰਨ ਵਿਚ ਰੁੱਝੀ ਹੈ।’ ਉਨ੍ਹਾ ਕਿਹਾ ਕਿ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਦੀਆਂ 60 ਫੀਸਦੀ ਤੋਂ ਵੱਧ ਰਾਖਵੀਆਂ ਪੋਸਟਾਂ ਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ 30 ਫੀਸਦੀ ਤੋਂ ਵੱਧ ਰਾਖਵੀਆਂ ਪੋਸਟਾਂ ਨੂੰ ਐੱਨ ਐੱਫ ਐੱਸ ਦੱਸ ਕੇ ਖਾਲੀ ਰੱਖਿਆ ਗਿਆ ਹੈ। ਰਾਹੁਲ ਨੇ ਕਿਹਾ, ‘ਇਹ ਕੋਈ ਅਪਵਾਦ ਨਹੀਂ ਹੈਆਈ ਆਈ ਟੀ, ਕੇਂਦਰੀ ਯੂਨੀਵਰਸਿਟੀਆਂ ਹਰ ਜਗ੍ਹਾ ਇੱਕੋ ਜਿਹੀ ਸਾਜ਼ਿਸ਼ ਚੱਲ ਰਹੀ ਹੈ। ਐੱਨ ਐੱਫ ਐੱਸ ਸੰਵਿਧਾਨ ’ਤੇ ਹਮਲਾ ਹੈ। ਐੱਨ ਐੱਫ ਐੱਸ ਸਮਾਜਕ ਨਿਆਂ ਨਾਲ ਵਿਸ਼ਵਾਸਘਾਤ ਹੈ। ਇਹ ਸਿਰਫ ਸਿੱਖਿਆ ਅਤੇ ਨੌਕਰੀਆਂ ਲਈ ਲੜਾਈ ਨਹੀਂ, ਇਹ ਅਧਿਕਾਰਾਂ, ਸਤਿਕਾਰ ਅਤੇ ਭਾਗੀਦਾਰੀ ਲਈ ਲੜਾਈ ਹੈ।’ ਰਾਹੁਲ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀ ਇੱਕ ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਕਿਹਾ, ‘ਹੁਣ ਅਸੀਂ ਸਾਰੇ ਮਿਲ ਕੇ ਭਾਜਪਾ/ ਆਰ ਐੱਸ ਐੱਸ ਦੇ ਹਰ ਰਾਖਵਾਂਕਰਨ ਵਿਰੋਧੀ ਕਦਮ ਦਾ ਸੰਵਿਧਾਨ ਦੀ ਸ਼ਕਤੀ ਨਾਲ ਜਵਾਬ ਦੇਵਾਂਗੇ।’


