ਕਾਮੀ ਰੀਤਾ ਨੇ ਆਪਣਾ ਹੀ ਰਿਕਾਰਡ ਤੋੜਿਆ

0
167

ਕਠਮੰਡੂ : ਨੇਪਾਲੀ ਸ਼ੇਰਪਾ ਗਾਈਡ ਕਾਮੀ ਰੀਤਾ ਨੇ ਮੰਗਲਵਾਰ 31ਵੀਂ ਵਾਰ ਮਾਊਂਟ ਐਵਰੈਸਟ ਫਤਹਿ ਕਰਕੇ ਵਿਸ਼ਵ ਦੀ ਸਭ ਤੋਂ ਵੱਡੀ ਚੋਟੀ ’ਤੇ ਸਭ ਤੋਂ ਵੱਧ ਵਾਰ ਸਫਲਤਾਪੂਰਵਕ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਇਸ ਚੜ੍ਹਾਈ ਮੁਹਿੰਮ ਦੇ ਪ੍ਰਬੰਧਕ ‘ਸੈਵਨ ਸਮਿੱਟ ਟਰੈਕਸ’ ਦੇ ਮੁਖੀ ਮਿੰਗਮਾ ਸ਼ੇਰਪਾ ਨੇ ਦੱਸਿਆ ਕਿ 55 ਸਾਲਾ ਪਰਬਤਾਰੋਹੀ ਤੜਕੇ 4 ਵਜੇ 8,849 ਮੀਟਰ ਉੱਚੀ ਚੋਟੀ ਦੇ ਸਿਖਰ ’ਤੇ ਪੁੱਜਾ। ਉਸ ਨੇ ਲੈਫਟੀਨੈਂਟ ਕਰਨਲ ਮਨੋਜ ਜੋਸ਼ੀ ਦੀ ਅਗਵਾਈ ਵਿੱਚ ਭਾਰਤੀ ਥਲ ਸੈਨਾ ਦੇ ‘ਐਡਵੈਂਚਰ ਵਿੰਗ ਐਵਰੈਸਟ’ ਮੁਹਿੰਮ ਲਈ ਇੱਕ ਟੀਮ ਦੀ ਅਗਵਾਈ ਕੀਤੀ। ਉਹ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪਹਾੜਾਂ ’ਤੇ ਚੜ੍ਹਾਈ ਕਰ ਰਿਹਾ ਹੈ। ਉਸ ਦੀ ਪਰਬਤਾਰੋਹਣ ਯਾਤਰਾ 1992 ਵਿੱਚ ਸ਼ੁਰੂ ਹੋਈ ਸੀ, ਜਦੋਂ ਉਹ ਇੱਕ ਸਹਾਇਕ ਸਟਾਫ ਵਜੋਂ ਐਵਰੈਸਟ ’ਤੇ ਚੜ੍ਹਾਈ ਕਰਨ ਲਈ ਇੱਕ ਮੁਹਿੰਮ ਵਿੱਚ ਸ਼ਾਮਲ ਹੋਇਆ ਸੀ।
ਵਲਟੋਹਾ ਨੇ ਵੀ ਅਕਾਲ ਤਖਤ ’ਤੇ ਅਰਜ਼ ਗੁਜ਼ਾਰੀ
ਅੰਮਿ੍ਰਤਸਰ : ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੰਗਲਵਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਨਾਂਅ ਇੱਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਕਿ 15 ਅਕਤੂਬਰ ਨੂੰ ਉਨ੍ਹਾ ਖਿਲਾਫ ਕੀਤੀ ਗਈ ਕਾਰਵਾਈ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਜੇ ਉਨ੍ਹਾ ਕੋਲੋਂ ਅਣਜਾਣੇ ਵਿੱਚ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਿੱਤੀ ਜਾਵੇ। ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਵਲਟੋਹਾ ਨੂੰ 10 ਸਾਲ ਲਈ ਪਾਰਟੀ ਤੋਂ ਬਾਹਰ ਕਰਨ ਦੇ ਆਦੇਸ਼ ਕੀਤੇ ਗਏ ਸਨ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾ ਦੀ ਮੁਢਲੀ ਮੈਂਬਰਸ਼ਿਪ ਵੀ ਖਤਮ ਕਰ ਦਿੱਤੀ ਗਈ ਸੀ।
ਇੱਕ ਹੋਰ ਮਾਓਵਾਦੀ ਮਾਰਿਆ
ਰਾਂਚੀ : ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਸੋਮਵਾਰ ਦੇਰ ਰਾਤ ਸੀਤਾਚੁਆਨ ਕੋਲ ਸੀ ਪੀ ਆਈ (ਮਾਓਵਾਦੀ) ਦਾ ਇੱਕ ਕਮਾਂਡਰ ਮਾਰ ਦਿੱਤਾ ਤੇ ਇਕ ਹੋਰ ਮਾਓਵਾਦੀ ਨੂੰ ਜ਼ਖਮੀ ਕਰ ਦਿੱਤਾ। ਪੁਲਸ ਅਧਿਕਾਰੀ ਨੇ ਕਿਹਾ ਕਿ ਮਾਰਿਆ ਜਾਣ ਵਾਲਾ ਚੋਟੀ ਦਾ ਮਾਓਵਾਦੀ ਕਮਾਂਡਰ ਤੁਲਸੀ ਭੂਨੀਆਂ ਸੀ। ਨਿਤੇਸ਼ ਯਾਦਵ, ਜਿਸ ਦੇ ਸਿਰ ’ਤੇ 15 ਲੱਖ ਰੁਪਏ ਦਾ ਇਨਾਮ ਸੀ, ਨੂੰ ਗੋਲੀ ਲੱਗੀ ਹੈ।