ਜਲੰਧਰ-ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ‘ਏਕ ਭਾਰਤ, ਸ਼੍ਰੇਸ਼ਟ ਭਾਰਤ’ ਯੋਜਨਾ ਤਹਿਤ ਆਂਧਰਾ ਪ੍ਰਦੇਸ਼ ਬਾਰੇ ਜਾਨਣ ਲਈ ਪੱਤਰਕਾਰਾਂ ਦੀ ਟੀਮ ਵਿਸ਼ਾਖਾਪਟਨਮ ਲਈ ਰਵਾਨਾ ਹੋਈ। ਰਾਜਾਂ ਨੂੰ ਆਪਸ ਵਿੱਚ ਜੋੜਨ ਤਹਿਤ ਕੇਂਦਰ ਸਰਕਾਰ ਦੇ ਪ੍ਰੈੱਸ ਸੂਚਨਾ ਬਿਊਰੋ ਚੰਡੀਗੜ੍ਹ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਰਜਿੰਦਰ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਦੇ ਨੋਡਲ ਅਫਸਰ ਅਤੇ ਟੂਰ ਇੰਚਾਰਜ ਰਾਜੇਸ਼ ਬਾਲੀ ਦੀ ਅਗਵਾਈ ਹੇਠ ਟੀਮ ਹਫਤਾ ਭਰ ਉੱਥੇ ਰਹੇਗੀ।
ਪ੍ਰਧਾਨ ਮੰਤਰੀ ਦਾ ਮਕਸਦ ਹੈ ਕਿ ਦੇਸ਼ ਵਿੱਚ ਸੱਭਿਆਚਾਰਕ, ਰਹਿਣ-ਸਹਿਣ ਅਤੇ ਹਰ ਤਰ੍ਹਾਂ ਦੇ ਅਗਾਂਹਵਧੂ ਕੰਮਾਂ ਨਾਲ ਰਾਜਾਂ ਨੂੰ ਜੋੜਿਆ ਜਾਵੇ। ਆਂਧਰਾ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਿਆ ਗਿਆ ਅਤੇ ਪੰਜਾਬੀਆਂ ਨੇ ਤੇਲਗੂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕੀਤੀ। ਆਂਧਰਾ ਪ੍ਰਦੇਸ਼ ਵਿਚ ਪਕਵਾਨ ਤਿਉਹਾਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਆਂਧਰਾ ਪ੍ਰਦੇਸ਼ ਵਾਸੀਆਂ ਨੇ ਭੰਗੜਾ ਵੀ ਪੇਸ਼ ਕੀਤਾ। ਇਸ ਰਾਹੀਂ ਰਾਜਾਂ ਦੀ ਆਪਸੀ ਸਮਝ ਨੂੰ ਵਧਾਉਣ, ਰਾਜ ਭਾਸ਼ਾ ਸਿੱਖਣ, ਸੰਗੀਤ ਅਤੇ ਪਰੰਪਰਾਵਾਂ ਨੂੰ ਸਿੱਖਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲੜੀ ਤਹਿਤ ਸੂਬਿਆਂ ਦੇ ਆਪਸੀ ਸਮਝੌਤੇ ਵੀ ਹੋਏ। ਇਸ ਨਾਲ ਸੂਬਿਆਂ ਦੀ ਆਪਸੀ ਏਕਤਾ ਤੇ ਪਿਆਰ ਵੀ ਵਧੇਗਾ।