ਸਿੰਗਾਪੁਰ : ਚੀਫ ਆਫ ਡਿਫੈਂਸ ਸਟਾਫ ਅਨਿਲ ਚੌਹਾਨ ਨੇ ਸਨਿੱਚਰਵਾਰ ਪਾਕਿਸਤਾਨ ਨਾਲ ਲੜਾਈ ਦੌਰਾਨ ਭਾਰਤੀ ਫਾਈਟਰ ਜੈੱਟ ਡਿੱਗਣ ਦੀ ਗੱਲ ਕਬੂਲੀ, ਪਰ ਕਿਹਾ ਕਿ ਅਸਲੀ ਮੁੱਦਾ ਇਹ ਨਹੀਂ ਕਿ ਕਿੰਨੇ ਜਹਾਜ਼ ਡਿੱਗੇ, ਸਗੋਂ ਇਹ ਹੈ ਕਿ ਕਿਉ ਡਿੱਗੇ? ਸ਼ਾਂਗਰੀ-ਲਾ ਡਾਇਲਾਗ ਵਿੱਚ ਹਿੱਸਾ ਲੈਣ ਪੁੱਜੇ ਚੌਹਾਨ ਨੇ ਬਲੂਮਬਰਗ ਨਾਲ ਇੰਟਰਵਿਊ ਵਿੱਚ ਇਹ ਗੱਲਾਂ ਕੀਤੀਆਂ।
ਜਹਾਜ਼ ਡਿੱਗਣ ਦੀ ਪੁਸ਼ਟੀ ਕਰਨ ਬਾਰੇ ਕਹਿਣ ’ਤੇ ਚੌਹਾਨ ਦਾ ਜਵਾਬ ਸੀਅਸਲੀ ਮੁੱਦਾ ਇਹ ਨਹੀਂ ਕਿ ਕਿੰਨੇ ਜਹਾਜ਼ ਡਿੱਗੇ, ਸਗੋਂ ਇਹ ਹੈ ਕਿ ਕਿਉ ਡਿੱਗੇ ਤੇ ਅਸੀਂ ਉਸ ਤੋਂ ਕੀ ਸਿੱਖਿਆ। ਭਾਰਤ ਨੇ ਆਪਣੀਆਂ ਗਲਤੀਆਂ ਨੂੰ ਪਛਾਣਿਆ, ਉਨ੍ਹਾਂ ਨੂੰ ਫਟਾਫਟ ਸੁਧਾਰਿਆ ਤੇ ਫਿਰ ਦੋ ਦਿਨਾਂ ਦੇ ਵਿੱਚ ਦੁਸ਼ਮਣ ਦੇ ਟਿਕਾਣਿਆਂ ਨੂੰ ਲੰਮੀ ਦੂਰੀ ਤੋਂ ਨਿਸ਼ਾਨਾ ਬਣਾ ਕੇ ਇੱਕ ਵਾਰ ਫਿਰ ਪ੍ਰਭਾਵੀ ਢੰਗ ਨਾਲ ਜਵਾਬ ਦਿੱਤਾ।
ਇਹ ਕਹਿਣ ਕਿ ਪਾਕਿਸਤਾਨ ਨੇ ਛੇ ਭਾਰਤੀ ਜਹਾਜ਼ ਡੇਗਣ ਦਾ ਦਾਅਵਾ ਕੀਤਾ ਸੀ, ਚੌਹਾਨ ਨੇ ਕਿਹਾ ਕਿ ਬਿਲਕੁਲ ਗਲਤ। ਚੌਹਾਨ ਨੇ ਇਹ ਵੀ ਕਿਹਾ ਕਿ ਲੜਾਈ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਨੌਬਤ ਨਹੀਂ ਆਈ, ਜੋ ਕਿ ਰਾਹਤ ਦੀ ਗੱਲ ਹੈ। ਇਸ ਤੋਂ ਪਹਿਲਾਂ 12 ਮਈ ਨੂੰ ਜਦੋਂ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਤੋਂ ਪੁੱਛਿਆ ਗਿਆ ਸੀ ਕਿ ਕੀ ‘ਅਪ੍ਰੇਸ਼ਨ ਸਿੰਧੂਰ’ ਦੌਰਾਨ ਰਾਫੇਲ ਪਾਕਿਸਤਾਨ ਵਿੱਚ ਕ੍ਰੈਸ਼ ਹੋਇਆ ਸੀ ਜਾਂ ਮਾਰ ਸੁੱਟਿਆ ਗਿਆ ਸੀ ਤਾਂ ਉਨ੍ਹਾ ਕਿਹਾ ਸੀਮੈਂ ਇਸ ਵਕਤ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਕਿ ਅਸੀਂ ਅਜੇ ਲੜਾਈ ਵਿੱਚ ਹਾਂ। ਜੇ ਕੁਝ ਕਹਾਂਗਾ ਤਾਂ ਉਲਟ ਅਸਰ ਹੋਵੇਗਾ। ਅਸੀਂ ਇਸ ਵਕਤ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਦੇਣਾ ਚਾਹੁੰਦੇ। ਬੱਸ ਏਨਾ ਕਹਾਂਗਾ ਕਿ ਜਿਹੜਾ ਮਕਸਦ ਸੀ, ਉਹ ਹਾਸਲ ਕੀਤਾ ਤੇ ਸਾਡੇ ਸਾਰੇ ਪਾਇਲਟ ਸਹੀ-ਸਲਾਮਤ ਵਾਪਸ ਆਏ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ 7 ਮਈ ਨੂੰ ਕੌਮੀ ਅਸੈਂਬਲੀ ਵਿੱਚ ਭਾਰਤ ਦੇ ਪੰਜ ਲੜਾਕੇ ਜਹਾਜ਼ ਸੁੱਟਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਵਿੱਚ ਤਿੰਨ ਰਾਫੇਲ ਦੱਸੇ ਸਨ। ਬਾਅਦ ਵਿੱਚ ਪਾਕਿਸਤਾਨ ਨੇ ਛੇ ਜਹਾਜ਼ ਸੁੱਟਣ ਦਾ ਦਾਅਵਾ ਕੀਤਾ ਸੀ।
ਜਨਰਲ ਚੌਹਾਨ ਨੇ ਸ਼ਾਂਗਰੀ-ਲਾ ਡਾਇਲਾਗ ਪ੍ਰੋਗਰਾਮ ਵਿੱਚ ‘ਭਵਿੱਖ ਦੀ ਜੰਗ’ ਵਿਸ਼ੇ ’ਤੇ ਗੱਲ ਕਰਦਿਆਂ ਪਾਕਿਸਤਾਨ ਦੇ ਨਾਲ ਸੰਬੰਧਾਂ ਨੂੰ ਲੈ ਕੇ ਕਿਹਾ ਕਿ ਹੁਣ ਭਾਰਤ ਬਿਨਾਂ ਕਿਸੇ ਰਣਨੀਤੀ ਦੇ ਕੋਈ ਕੰਮ ਨਹੀਂ ਕਰਦਾ।
ਪਾਕਿਸਤਾਨ ਨਾਲ ਕੂਟਨੀਤਕ ਸੰਬੰਧ ਕਾਇਮ ਰੱਖਣ ਦਾ ਦੌਰ ਖਤਮ ਹੋ ਚੁੱਕਾ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਾ ਘੱਲਿਆ ਸੀ। ਉਨ੍ਹਾ ਕਿਹਾ ਕਿ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ, ਪਰ ਜੇ ਬਦਲੇ ਵਿੱਚ ਸਿਰਫ ਦੁਸ਼ਮਣੀ ਮਿਲੇ ਤਾਂ ਦੂਰੀ ਬਣਾਏ ਰੱਖਣਾ ਸਮਝਦਾਰੀ ਵਾਲਾ ਫੈਸਲਾ ਹੈ।





