ਬੋਲਡਰ (ਕੋਲੋਰਾਡੋ) : ਅਮਰੀਕਾ ਵਿੱਚ ਇੱਕ ਵਿਅਕਤੀ ਨੇ ‘ਫਲਸਤੀਨ ਨੂੰ ਆਜ਼ਾਦ ਕਰੋ’ ਦਾ ਨਾਅਰਾ ਲਾਉਂਦੇ ਹੋਏ ਗਾਜ਼ਾ ’ਚ ਇਜ਼ਰਾਈਲੀ ਬੰਦੀਆਂ ਵੱਲ ਧਿਆਨ ਖਿੱਚਣ ਲਈ ਇਕੱਤਰ ਹੋਏ ਇੱਕ ਸਮੂਹ ’ਤੇ ‘ਪੈਟਰੋਲ ਬੰਬ’ ਸੁੱਟਿਆ, ਜਿਸ ਨਾਲ ਛੇ ਲੋਕ ਝੁਲਸ ਗਏ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਮਸ਼ਕੂਕ ਦੀ ਪਛਾਣ 45 ਸਾਲਾ ਸਾਬਰੀ ਸੋਲਿਮਨ ਵਜੋਂ ਹੋਈ ਹੈ। ਐੱਫ ਬੀ ਆਈ ਹਮਲੇ ਦੀ ਜਾਂਚ ਦਹਿਸ਼ਤੀ ਕਾਰਵਾਈ ਵਜੋਂ ਕਰ ਰਹੀ ਹੈ। ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਜੰਗ ਦੇ ਪਿਛੋਕੜ ਵਿੱਚ ਇਹ ਹਮਲਾ ਬੋਲਡਰ ਸ਼ਹਿਰ ਦੀ ਮਕਬੂਲ ਪਰਲ ਸਟਰੀਟ ਪੈਡੇਸਟਰਨ ਮੌਲ ਵਿਚ ਹੋਇਆ। ਇਸ ਜੰਗ ਨੇ ਆਲਮੀ ਤਣਾਅ ਵਧਾ ਦਿੱਤਾ ਹੈ ਤੇ ਇਸ ਕਰਕੇ ਅਮਰੀਕਾ ਵਿੱਚ ਯਹੂਦੀ ਵਿਰੋਧੀ ਹਿੰਸਾ ਵਿਚ ਵਾਧਾ ਹੋਇਆ ਹੈ। ਇਸ ਘਟਨਾ ਤੋਂ ਇਕ ਹਫਤਾ ਪਹਿਲਾਂ ਵਾਸ਼ਿੰਗਟਨ ’ਚ ਯਹੂਦੀ ਅਜਾਇਬਘਰ ਦੇ ਬਾਹਰ ‘ਫਲਤਸੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਉਣ ਵਾਲੇ ਇਕ ਵਿਅਕਤੀ ’ਤੇ ਇਜ਼ਰਾਈਲੀ ਅੰਬੈਸੀ ਦੇ ਦੋ ਕਰਮੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਸੀ। ਐੱਫ ਬੀ ਆਈ ਦੇ ਡੈਨਵਰ ਖੇਤਰੀ ਦਫਤਰ (ਜਿਸ ਵਿੱਚ ਬੋਲਡਰ ਵੀ ਸ਼ਾਮਲ ਹੈ) ਦੇ ਇੰਚਾਰਜ ਵਿਸ਼ੇਸ਼ ਏਜੰਟ ਮਾਰਕ ਮਿਚਲੇਕ ਨੇ ਕਿਹਾ, ‘ਦੁੱਖ ਦੀ ਗੱਲ ਹੈ ਕਿ ਅਜਿਹੇ ਹਮਲੇ ਪੂਰੇ ਦੇਸ਼ ਵਿੱਚ ਆਮ ਹੁੰਦੇ ਜਾ ਰਹੇ ਹਨ। ਇਹ ਇਸ ਗੱਲ ਦੀ ਮਿਸਾਲ ਹੈ ਕਿ ਹਿੰਸਾ ਕਰਨ ਵਾਲੇ ਲੋਕ ਕਿਸ ਤਰ੍ਹਾਂ ਦੇਸ਼ ਭਰ ’ਚ ਲੋਕਾਂ ਨੂੰ ਡਰਾ ਰਹੇ ਹਨ।’ ਅਧਿਕਾਰੀਆਂ ਨੇ ਦੱਸਿਆ ਕਿ ਛੇ ਜ਼ਖ਼ਮੀਆਂ ਦੀ ਉਮਰ 67 ਤੋਂ 88 ਸਾਲ ਦੇ ਵਿਚਕਾਰ ਹੈ ਤੇ ਹਮਲੇ ਵਿੱਚ ਕੁਝ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ‘ਰਨ ਫਾਰ ਦੇਅਰ ਲਾਈਵਜ਼’ ਨਾਂਅ ਦੇ ਸਵੈਸੇਵੀ ਸਮੂਹ ਦੇ ਲੋਕ ਗਾਜ਼ਾ ਵਿੱਚ ਬੰਦੀ ਬਣਾਏ ਗਏ ਲੋਕਾਂ ਵੱਲ ਧਿਆਨ ਖਿੱਚਣ ਲਈ ਆਪਣਾ ਹਫਤਾਵਾਰੀ ਪ੍ਰਦਰਸ਼ਨ ਸਮਾਪਤ ਕਰ ਰਹੇ ਸਨ।

