ਸਿੰਧੂਰੀ ਤਰਕੀਬਾਂ

0
194

ਰੱਖਿਆ ਮੰਤਰਾਲਾ ਪਾਕਿਸਤਾਨ ਖਿਲਾਫ ਕੀਤੇ ਗਏ ‘ਅਪ੍ਰੇਸ਼ਨ ਸਿੰਧੂਰ’ ਉੱਤੇ ਇੱਕ ਤੋਂ ਤੀਹ ਜੂਨ ਤੱਕ ਲੇਖ ਮੁਕਾਬਲਾ ਕਰਵਾ ਰਿਹਾ ਹੈ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਨੂੰ 10-10 ਹਜ਼ਾਰ ਰੁਪਏ ਨਕਦ ਇਨਾਮ ਅਤੇ ਲਾਲ ਕਿਲੇ੍ਹ ’ਤੇ ਅਜ਼ਾਦੀ ਦਿਵਸ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਮੰਤਰਾਲੇ ਦਾ ਕਹਿਣਾ ਹੈ ਕਿ ਉਹ ਦੇਖਣਾ ਚਾਹੁੰਦਾ ਹੈ ਕਿ ਦਹਿਸ਼ਤਗਰਦੀ ਖਿਲਾਫ ਭਾਰਤ ਦੀ ਨਵੀਂ ਨੀਤੀ ਬਾਰੇ ਨੌਜਵਾਨ ਦਿਮਾਗ ਕੀ ਸੋਚਦੇ ਹਨ। ਭਾਜਪਾ ਨੇ ਪਹਿਲਾਂ ਅਪ੍ਰੇਸ਼ਨ ਸਿੰਧੂਰ ਦੀ ਪ੍ਰੈੱਸ ਬ੍ਰੀਫਿੰਗ ਕਰਕੇ ਚਰਚਾ ਵਿੱਚ ਆਈਆਂ ਕਰਨਲ ਸੋਫੀਆ ਕੁਰੈਸ਼ੀ ਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੂੰ ਨਰਿੰਦਰ ਮੋਦੀ ਸਰਕਾਰ ਦੀ ਤੀਜੀ ਸਰਕਾਰ ਦਾ ਇੱਕ ਵਰ੍ਹਾ ਪੂਰਾ ਹੋਣ ਦੇ ਜਸ਼ਨਾਂ ਦੌਰਾਨ ਮਹਿਲਾਵਾਂ ਨੂੰ ਪ੍ਰਭਾਵਤ ਕਰਨ ਲਈ ਵਰਤਣ ਦੀ ਯੋਜਨਾ ਬਣਾਈ ਸੀ, ਪਰ ਹਥਿਆਰਬੰਦ ਸੈਨਾਵਾਂ ਨੂੰ ਸਿਆਸੀ ਮੰਤਵਾਂ ਲਈ ਵਰਤਣ ਦੇ ਦੋਸ਼ ਲੱਗਣ ’ਤੇ ਪਾਰਟੀ ਨੇ ਅਜਿਹੀ ਯੋਜਨਾ ਤੋਂ ਇਨਕਾਰ ਕੀਤਾ। ਪਿਛਲੇ ਹਫਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੋਦੀ ’ਤੇ ਇਹ ਕਹਿੰਦਿਆਂ ਸਿਆਸੀ ਹੋਲੀ ਖੇਡਣ ਦਾ ਦੋਸ਼ ਲਾਇਆ ਕਿ ਜਦਕਿ ਸਰਬ ਪਾਰਟੀ ਵਫਦ ਵਿਦੇਸ਼ਾਂ ਵਿੱਚ ਪਾਕਿਸਤਾਨ ਨੂੰ ਨੰਗਾ ਕਰਨ ਲਈ ਭੇਜੇ ਹੋਏ ਹਨ ਤੇ ਉਹ ਦੇਸ਼ ਵਿੱਚ ‘ਅਪ੍ਰੇਸ਼ਨ ਸਿੰਧੂਰ’ ਨੂੰ ਆਪਣੇ ਸਿਆਸੀ ਫਾਇਦੇ ਲਈ ਵਰਤ ਰਹੇ ਹਨ। ਮਮਤਾ ਨੇ ਇਹ ਵੀ ਕਿਹਾ ਸੀ ਕਿ ਵੋਟਾਂ ਬਟੋਰਨ ਖਾਤਰ ਭਾਜਪਾ ਨੇ ਘਰ-ਘਰ ਸਿੰਧੂਰ ਵੰਡਣ ਦਾ ਵੀ ਪ੍ਰੋਗਰਾਮ ਬਣਾਇਆ ਹੈ ਤੇ ਮੋਦੀ ਭਾਰਤ ਦੀਆਂ ਸਾਰੀਆਂ ਔਰਤਾਂ ਨੂੰ ਆਪਣੀਆਂ ਪਤਨੀਆਂ ਸਮਝ ਰਹੇ ਹਨ। ਇੱਥੇ ਵੀ ਕਿਰਕਿਰੀ ਹੋਣ ’ਤੇ ਭਾਜਪਾ ਨੂੰ ਕੁਝ ਚਿਰ ਬਾਅਦ ਅਜਿਹੀ ਯੋਜਨਾ ਦਾ ਖੰਡਨ ਕਰਨ ਲਈ ਮਜਬੂਰ ਹੋਣਾ ਪਿਆ।
ਪਾਕਿਸਤਾਨ ਖਿਲਾਫ ਪਿਛਲੀਆਂ ਫੌਜੀ ਕਾਰਵਾਈਆਂ ਨਾਲ ਚੋਖਾ ਚੋਣ ਲਾਭ ਮਿਲਣ ਤੋਂ ਬਾਅਦ ਭਾਜਪਾ ਅਪ੍ਰੇਸ਼ਨ ਸਿੰਧੂਰ ਦਾ ਫਾਇਦਾ ਉਠਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ, ਪਰ ਇਸ ਵਾਰ ਮਾਹੌਲ ਬਣ ਨਹੀਂ ਰਿਹਾ। ਪ੍ਰਧਾਨ ਮੰਤਰੀ ਹਰੇਕ ਪ੍ਰੋਗਰਾਮ ਵਿੱਚ ‘ਅਪ੍ਰੇਸ਼ਨ ਸਿੰਧੂਰ’ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਲੋਕਾਂ ਦੇ ਹੁੰਗਾਰੇ ਤੋਂ ਲੱਗ ਰਿਹਾ ਹੈ ਕਿ ਉਹ ਹੁਣ ਫੌਜਾਂ ਦੀ ਬਹਾਦਰੀ ਨੂੰ ਸਿਆਸੀ ਤੌਰ ’ਤੇ ਕੈਸ਼ ਨਹੀਂ ਕਰਨ ਦੇਣਾ ਚਾਹੁੰਦੇ। ਰੱਖਿਆ ਮੰਤਰਾਲਾ, ਜਿਨ੍ਹਾਂ ਨੌਜਵਾਨਾਂ ਦਾ ਸਿੰਧੂਰ ਲੇਖ ਮੁਕਾਬਲਾ ਕਰਾ ਰਿਹਾ ਹੈ, ਉਨ੍ਹਾਂ ਨੌਜਵਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਲੇਖ ਮੁਕਾਬਲਿਆਂ ਨਾਲ ਢਿੱਡ ਨਹੀਂ ਭਰਨੇ। ਢਿੱਡ ਰੁਜ਼ਗਾਰ ਮਿਲਣ ਨਾਲ ਹੀ ਭਰਨੇ ਹਨ। ਪਿਛਲੇ 11 ਸਾਲਾਂ ਵਿੱਚ ਰੁਜ਼ਗਾਰ ਮੁਹੱਈਆ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਸਰਕਾਰ ਤੋਂ ਨੌਜਵਾਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਅਸਲ ਮੁਸ਼ਕਲਾਂ ਹੱਲ ਕਰਨ ਲਈ ਉਹ ਕੀ ਕਰ ਰਹੀ ਹੈ।