ਚੰਡੀਗੜ੍ਹ (ਗੁਰਜੀਤ ਬਿੱਲਾ) ਮੁਹਾਲੀ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਰੂਪਨਗਰ ਦੇ ਪਿੰਡ ਮਾਹਲਾਂ ਦੇ ਯੂਟਿਊਬਰ ਜਸਬੀਰ ਸਿੰਘ ਨੂੰ ਗਿ੍ਰਫਤਾਰ ਕਰਕੇ ਵੱਡੇ ਜਾਸੂਸੀ ਤੇ ਦਹਿਸ਼ਤੀ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਜਸਬੀਰ ਸਿੰਘ, ਜੋ ‘ਜਾਨ ਮਾਹਲ’ ਨਾਂਅ ਦਾ ਯੂਟਿਊਬ ਚੈਨਲ ਚਲਾਉਂਦਾ ਹੈ, ਦੇ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਵਿਅਕਤੀਆਂ ਨਾਲ ਸੰਬੰਧਾਂ ਬਾਰੇ ਪਤਾ ਲੱਗਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਸਬੀਰ ਪੀ ਆਈ ਓ ਸ਼ਾਕਿਰ ਉਰਫ ਜੱਟ ਰੰਧਾਵਾ ਨਾਲ ਨੇੜਿਓਂ ਜੁੜਿਆ ਹੋਇਆ ਸੀ, ਜੋ ਦਹਿਸ਼ਤਗਰਦੀ ਦੀ ਹਮਾਇਤ ਵਾਲੇ ਜਾਸੂਸੀ ਨੈੱਟਵਰਕ ਦਾ ਮੁੱਖ ਸਰਗਨਾ ਸੀ। ਜਸਬੀਰ ਹਰਿਆਣਾ ਅਧਾਰਤ ਯੂਟਿਊਬਰ ਜਿਓਤੀ ਮਲਹੋਤਰਾ, ਜਿਸ ਨੂੰ ਹਾਲ ਹੀ ਵਿੱਚ ਜਾਸੂਸੀ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਗਿਆ ਸੀ, ਅਤੇ ਪਾਕਿਸਤਾਨੀ ਨਾਗਰਿਕ ਅਹਿਸਾਨ-ਉਰ-ਰਹੀਮ ਉਰਫ ਦਾਨਿਸ਼ (ਜਿਸ ਨੂੰ ਪਾਕਿਸਤਾਨ ਹਾਈ ਕਮਿਸ਼ਨ ’ਚੋਂ ਕੱਢ ਦਿੱਤਾ ਗਿਆ ਸੀ) ਨਾਲ ਨਿਯਮਤ ਸੰਪਰਕ ਵਿੱਚ ਸੀ।
ਡੀ ਜੀ ਪੀ ਨੇ ਕਿਹਾ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ’ਤੇ ਦਿੱਲੀ ਵਿੱਚ ਆਯੋਜਿਤ ਪਾਕਿਸਤਾਨ ਦੇ ਕੌਮੀ ਦਿਹਾੜੇ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਕਥਿਤ ਤੌਰ ’ਤੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਖੁਫੀਆ ਸਰਗਰਮੀਆਂ ਨਾਲ ਜੁੜੇ ਵੱਖ-ਵੱਖ ਵਲੌਗਰਜ਼ ਨੂੰ ਮਿਲਿਆ ਸੀ। ਇਹ ਵੀ ਪਤਾ ਲੱਗਾ ਕਿ ਉਸ ਨੇ ਤਿੰਨ ਵਾਰ (2020, 2021 ਅਤੇ 2024 ’ਚ) ਪਾਕਿਸਤਾਨ ਦੀ ਯਾਤਰਾ ਕੀਤੀ ਸੀ।
ਯਾਦਵ ਨੇ ਕਿਹਾ ਕਿ ਜਾਂਚ ਦੌਰਾਨ ਜ਼ਬਤ ਕੀਤੇ ਗਏ ਉਸ ਦੇ ਇਲੈਕਟਰਾਨਿਕ ਯੰਤਰਾਂ ਵਿੱਚ ਕਈ ਪਾਕਿਸਤਾਨ-ਅਧਾਰਤ ਸੰਪਰਕ ਸਨ, ਜਿਨ੍ਹਾਂ ਸਾਰਿਆਂ ਦੀ ਹੁਣ ਵਿਆਪਕ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਮਲਹੋਤਰਾ ਦੀ ਗਿ੍ਰਫਤਾਰੀ ਤੋਂ ਬਾਅਦ, ਜਸਬੀਰ ਨੇ ਕਥਿਤ ਤੌਰ ’ਤੇ ਪਤਾ ਲੱਗਣ ਤੋਂ ਬਚਣ ਲਈ ਨੈੱਟਵਰਕ ਦੇ ਮੈਂਬਰਾਂ ਨਾਲ ਆਪਣੇ ਸੰਚਾਰ ਰਿਕਾਰਡ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਵਿਰੁੱਧ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ ਵਿੱਚ ਐੱਫ ਆਈ ਆਰ ਦਰਜ ਕੀਤੀ ਗਈ ਹੈ। ਜਸਬੀਰ ਦੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਦੱਸੇ ਜਾਂਦੇ ਹਨ।



