ਰਾਜਪੁਰਾ (ਰਮੇਸ਼ ਕਟਾਰੀਆ)
ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ ਵਿੱਚ ਕਿਸਾਨਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਤ ਕੀਤਾ। ਉਨ੍ਹਾ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਜਿਹੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਵੇ, ਜੋ ਮੁਨਾਫਾ ਦੇਣ ਦੇ ਨਾਲ-ਨਾਲ ਪਾਣੀ ਦੀ ਖਪਤ ਨੂੰ ਵੀ ਘਟਾਉਂਦੀਆਂ ਹਨ। ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਕੇਂਦਰ ਵੱਲੋਂ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਚੌਹਾਨ ਨੇ ਕਿਹਾ ਕਿ ਸਿੰਧ, ਜੇਹਲਮ ਅਤੇ ਝਨਾਂ ਦਰਿਆਵਾਂ ਦੇ ਪਾਣੀ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਚਰਚਾ ਅਤੇ ਗੱਲਬਾਤ ਰਾਹੀਂ ਸੰਭਵ ਹੈ। ਕੇਂਦਰ ਦੇ ‘ਵਿਕਸਤ ਕਿ੍ਰਸ਼ੀ ਸੰਕਲਪ ਅਭਿਆਨ’ ਤਹਿਤ ਇਸ ਚਰਚਾ ਦੌਰਾਨ ਕਿਸਾਨਾਂ ਨੇ ਚੌਹਾਨ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਚੌਹਾਨ ਦੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਵਿਗਿਆਨੀ ਵੀ ਸਨ। ਦੇਸ਼ ਦੇ ਅਨਾਜ ਭੰਡਾਰਾਂ ਵਿੱਚ ਪੰਜਾਬ ਦੇ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਚੌਹਾਨ ਨੇ ਕਿਹਾ ਕਿ ਦੇਸ਼ ਨੇ ਇਸ ਸਾਲ ਕਣਕ, ਝੋਨਾ, ਮੱਕੀ ਅਤੇ ਸੋਇਆਬੀਨ ਦਾ ਰਿਕਾਰਡ ਉਤਪਾਦਨ ਕੀਤਾ ਹੈ। ਚੌਹਾਨ ਨੇ ਕਿਹਾ, ‘ਪੰਜਾਬ ਨੇ ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਅਤੇ ਮੈਂ ਪੰਜਾਬ ਦੀ ਧਰਤੀ ਨੂੰ ਨਮਨ ਕਰਦਾ ਹਾਂ।’ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੇਸ਼ ਫਸਲੀ ਉਤਪਾਦਨ ਵਧਾਉਣਾ ਤੇ ਲਾਗਤ ਘਟਾਉਣਾ ਹੈ। ਉਨ੍ਹਾ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਲਾਹੇਵੰਦ ਭਾਅ ਮਿਲਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਚੌਹਾਨ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਅਪਣਾਈ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ ਤਕਨਾਲੋਜੀ ਤੋਂ ਪ੍ਰਭਾਵਤ ਹੋਏ ਹਨ ਅਤੇ ਉਹ ਹੋਰ ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਲਈ ਇਸ ਨੂੰ ਅਪਣਾਉਣ ਦੀ ਅਪੀਲ ਕਰਨਗੇ। ਉਨ੍ਹਾ ਕਿਹਾ, ‘ਮੈਨੂੰ ਸਿੱਧੀ ਬਿਜਾਈ, ਮਸ਼ਰੂਮ ਦੀ ਕਾਸ਼ਤ ਜਾਂ ਸਾਈਲੇਜ ਬਣਾਉਣ ਸਮੇਤ ਚੰਗੇ ਫਸਲੀ ਅਭਿਆਸਾਂ ਤੋਂ ਜਾਣੂ ਕਰਵਾਇਆ ਗਿਆ ਸੀ।’ ਸਾਈਲੇਜ ਇੱਕ ਕਿਸਮ ਦਾ ਸੁਰੱਖਿਅਤ ਹਰਾ ਚਾਰਾ ਹੈ, ਜੋ ਜਾਨਵਰਾਂ ਲਈ ਇੱਕ ਪੌਸ਼ਟਿਕ ਅਤੇ ਸੰਤੁਲਤ ਖੁਰਾਕ ਹੈ। ‘ਵਿਕਸਤ ਕਿ੍ਰਸ਼ੀ ਸੰਕਲਪ ਅਭਿਆਨ’ ਦੇਸ਼ਵਿਆਪੀ ਮੁਹਿੰਮ ਬਾਰੇ ਚੌਹਾਨ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਚੌਹਾਨ ਨੇ ਕਿਹਾ ਕਿ ਫਸਲੀ ਵਿਭਿੰਨਤਾ ਪ੍ਰੋਗਰਾਮ ਸਮੇਂ ਦੀ ਲੋੜ ਹੈ। ਉਨ੍ਹਾ ਕਿਹਾ, ‘ਸਾਨੂੰ ਅਜਿਹੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ, ਜੋ ਲਾਭਦਾਇਕ ਹੋਣ ਦੇ ਨਾਲ-ਨਾਲ ਘੱਟ ਪਾਣੀ ਦੀ ਖਪਤ ਕਰਨ।’ ਇਸ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਨੂੰ ਫਲਾਂ, ਸਬਜ਼ੀਆਂ ਤੇ ਹੋਰ ਫਸਲਾਂ ਨਾਲ ਪ੍ਰਯੋਗ ਕਰਨ ਦਾ ਸੱਦਾ ਵੀ ਦਿੱਤਾ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਮੰਤਰੀ ਦੇ ਸਨਮੁੱਖ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਸੰਬੰਧਤ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ, ਜਿਸ ’ਤੇ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਨੂੰ ਦਿੱਲੀ ਮੀਟਿੰਗ ਲਈ ਆਉਣ ਦਾ ਸੱਦਾ ਦਿੱਤਾ। ਉਹਨਾ ਕਿਹਾ ਕਿ ਕਿਸਾਨਾਂ ਨੂੰ ਉਨਤ ਬਣਾਉਣ ਲਈ ਕੇਂਦਰ ਸਰਕਾਰ ‘ਇੱਕ ਦੇਸ਼, ਇੱਕ ਖੇਤੀ, ਇੱਕ ਟੀਮ’ ਬਣਾ ਕੇ ਰਾਜ ਸਰਕਾਰ ਅਤੇ ਉਨਤਸ਼ੀਲ ਕਿਸਾਨਾਂ ਸਮੇਤ ਖੇਤੀਬਾੜੀ ਯੂਨੀਵਰਸਿਟੀ ਤੇ ਸਾਇੰਸਦਾਨਾਂ ਨਾਲ ਮਿਲ ਕੇ ਕੰਮ ਕਰੇਗੀ। ਖੁੱਡੀਆਂ ਨੇ ਕੇਂਦਰੀ ਮੰਤਰੀ ਨੂੰ ਰਾਜ ਦੀਆਂ ਮੰਗਾਂ ਦਾ ਪੱਤਰ ਸੌਂਪਦਿਆਂ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਯਤਨ ਕਰ ਰਹੀ ਹੈ, ਉਥੇ ਕੇਂਦਰ ਸਰਕਾਰ ਦੇ ਵੀ ਉਪਰਾਲੇ ਲਾਜ਼ਮੀ ਹਨ, ਇਸ ਲਈ ਕੇਂਦਰ ਸਰਕਾਰ ਸੂਬੇ ਦੇ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਆਵੇ।
ਉਹਨਾ ਪੰਜਾਬ ’ਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣੋ ਰੋਕਣ ਲਈ ਕੇਂਦਰ ਨੂੰ ਕਿਸਾਨਾਂ ਦੀ ਮਦਦ ਲਈ ਖੁੱਲ੍ਹਾ ਦਿਲ ਦਿਖਾਉਣ ’ਤੇ ਜ਼ੋਰ ਦਿੱਤਾ। ਉਨ੍ਹਾ ਨਾਲ ਹੀ ਝੋਨੇ ਦੀ ਬਿਜਾਈ ਲਈ ਡੀ ਏ ਪੀ ਦੀ ਕਿਲਤ ਦੂਰ ਕਰਨ ਲਈ ਸਪਲਾਈ ਵਧਾਉਣ ਸਮੇਤ ਪਾਣੀ ਬਚਾਉਣ ਲਈ ਝੋਨੇ ਦੀ ਥਾਂ ਮੱਕੀ, ਦਾਲਾਂ ਤੇ ਤੇਲ ਬੀਜਾਂ ਹੇਠ ਰਕਬਾ ਵਧਾਉਣ ਲਈ ਕੇਂਦਰੀ ਸਹਾਇਤਾ ਵੀ ਮੰਗੀ ਅਤੇ ਨਰਮੇ ਦੀ ਫ਼ਸਲ ਨੂੰ ਦਰਪੇਸ਼ ਮੁਸ਼ਕਲਾਂ ਅਤੇ ਝੋਨੇ ਦੀ ਫ਼ਸਲ ਦੀ ਖਰੀਦ ’ਚ ਐੱਫ ਸੀ ਆਈ ਵੱਲੋਂ ਅੜਿੱਕੇ ਡਾਹੁਣ ਦਾ ਮਸਲਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ।




