ਮਜ਼ਦੂਰ ਵਿਰੋਧੀ ਕਾਨੂੰਨ ਮੜ੍ਹਨਾ ਆਜ਼ਾਦੀ ਸੰਗਰਾਮ ਦੀ ਤੌਹੀਨ ਕਰਨਾ ਹੈ : ਦੇਸ਼ ਭਗਤ ਕਮੇਟੀ

0
145

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਅਹੁਦੇਦਾਰਾਂ ਨੇ ਵੀਰਵਾਰ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਦੀ ਇਨਕਲਾਬੀ ਲਹਿਰ ਦੇ ਇਤਿਹਾਸਕ, ਮੁੱਲਵਾਨ ਅਤੇ ਮਿਹਨਤਕਸ਼ ਲੋਕਾਂ ਦੇ ਕਲਿਆਣ ਦੇ ਮਾਰਗ-ਦਰਸ਼ਕ ਪੰਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ਼ ਨਾਲ਼ ਕਹਿਣਾ ਪੈ ਰਿਹਾ ਹੈ ਕਿ ਆਮ ਆਦਮੀ ਦੇ ਹਿੱਤਾਂ ਦੀ ਦਾਅਵੇਦਾਰ ਹੋਣ ਦਾ ਅਡੰਬਰ ਰਚ ਕੇ ਪੰਜਾਬ ਦੇ ਰਾਜ ਸਿੰਘਾਸਨ ਉੱਪਰ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਹਕੂਮਤ ਦਾ ਅੱਜ ਉਸ ਵੇਲੇ ਸਾਰਾ ਹੀਜ਼ ਪਿਆਜ਼ ਸ਼ਰੇਆਮ ਬੇਪਰਦ ਹੋ ਗਿਆ, ਜਦੋਂ ਭਾਜਪਾ ਹਕੂਮਤ ਦੇ ਮਜ਼ਦੂਰ ਵਿਰੋਧੀ ਜਾਬਰ ਕਦਮਾਂ ਦੀ ਪੈੜ ’ਚ ਪੈਰ ਧਰਦਿਆਂ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਉਦੇ ਹੋਏ ਉਹਨਾਂ ਦੀ ਕੰਮ ਦਿਹਾੜੀ 12 ਘੰਟੇ ਕਰਨ ਦਾ ਬੇਹਯਾਈ ਭਰਿਆ ਫੈਸਲਾ ਕੀਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਨੂੰ ਮਾਲਕਾਂ ਅੱਗੇ ਹੱਥ-ਪੈਰ ਬੰਨ੍ਹ ਕੇ ਸਾਰੇ ਮੌਲਿਕ ਹੱਕਾਂ ਤੋਂ ਵਿਰਵੇ ਕਰਕੇ ਚੰਮ ਦੀਆਂ ਚਲਾਉਣ ਲਈ ਮਾਲਕਾਂ ਨੂੰ ਅਥਾਹ ਅਧਿਕਾਰਾਂ ਦੇ ਮੋਟੇ ਗੱਫ਼ੇ ਵਰਤਾਉਦੇ ਹੋਏ ਪੰਜਾਬ ਦੁਕਾਨ ਅਤੇ ਵਪਾਰਕ ਅਦਾਰੇ ਐਕਟ 1958 ਵਿੱਚ ਸੋਧ ਦੀ ਮਨਜ਼ੂਰੀ ਕਰਦਿਆਂ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਕਿਰਤ ਕਾਨੂੰਨਾਂ ਦੀ ਮੰਜੀ ਮੂਧੀ ਮਾਰਨ ਵਾਲੇ ਪਾਸ ਕੀਤੇ ਕਾਨੂੰਨਾਂ ਦੀ ਹੀ ਜੈ-ਜੈ ਕਾਰ ਕਰਨ, ਭਾਈ ਲਾਲੋਆਂ ਦੇ ਢਿੱਡ ਵਿੱਚ ਲੱਤ ਮਾਰਨ, ਮਲਕ ਭਾਗੋਆਂ ਦੇ ਪੂੜਿਆਂ ਵਿਚ ਗ਼ਰੀਬ ਕਾਮਿਆਂ ਦਾ ਲਹੂ ਨਿਚੋੜਨ, ਮਜ਼ਦੂਰਾਂ ਨੂੰ ਲੁੱਟ ਅਤੇ ਜਬਰ ਦੇ ਵੇਲਣਿਆਂ ਵਿਚ ਨਪੀੜਨ ਦਾ ਬੇਕਿਰਕ ਹੱਲਾ ਬੋਲਣਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੋਸ਼ ਲਾਇਆ ਕਿ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਵਰਗਿਆਂ ਦੀਆਂ ਫੋਟੋਆਂ ਲਾਉਣ ਦਾ ਖੇਖਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਮੰਡਲ ਵੱਲੋਂ 12 ਘੰਟੇ ਕੰਮ ਦਿਹਾੜੀ ਕਰਨ ਦੇ ਲਏ ਫੈਸਲੇ ਨੇ ਚਿੱਟੇ ਦਿਨ ਚੌਰਾਹੇ ਵਿਚ ਉਧੇੜ ਕੇ ਰੱਖ ਦਿੱਤਾ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਕਿ ਦੁਨੀਆ ਭਰ ਦੇ ਕਿਰਤੀਆਂ ਦਾ ਲਹੂ ਰੱਤਾ ਇਤਿਹਾਸ ਭਾਜਪਾ, ਕੇਜਰੀਵਾਲ ਦੇ ਇਸ਼ਾਰਿਆਂ ’ਤੇ ਨੱਚਦੀ ਆਮ ਆਦਮੀ ਪਾਰਟੀ ਅਤੇ ਉਸ ਦੇ ‘ਵਕੀਲਾਂ’ ਤੋਂ ਜਵਾਬ ਮੰਗੇਗਾ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ 1886 ਵਿੱਚ ਲ਼ਹੂ ਦੀ ਬਰਸਾਤ ਉਪਰੰਤ 8 ਘੰਟੇ ਕੰਮ ਦਿਹਾੜੀ ਦੀ ਮੰਗ ਪ੍ਰਵਾਨ ਕਰਵਾਈ ਗਈ ਕੀ ਇਹ ਉਸ ਇਤਿਹਾਸ ਉਪਰ ਕਾਲ਼ਾ ਪੋਚਾ ਫੇਰਨਾ ਨਹੀਂ
ਕਮੇਟੀ ਦਾ ਕਹਿਣਾ ਹੈ ਕਿ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੱਕਾਂ ਲਈ ਜੂਝਦੇ ਲੋਕਾਂ ਨੂੰ ਹਰ ਰੋਜ਼ ਸੂਰਜ ਦੀ ਟਿੱਕੀ ਚੜ੍ਹਨ ਤੋਂ ਵੀ ਪਹਿਲਾਂ ਹੀ ਹੱਲੇ ਬੋਲਣਾ ਇਹ ਦਰਸਾਉਦਾ ਹੈ ਕਿ ਗ਼ਦਰ ਲਹਿਰ ਅਤੇ ਸਮੁੱਚੀ ਆਜ਼ਾਦੀ ਦੀ ਤਵਾਰੀਖ਼ ਨੂੰ ਪੁੱਠਾ ਗੇੜਾ ਦੇਣਾ ਹੈ, ਜੋ ਪੰਜਾਬ ਵਾਸੀ ਕਦੇ ਵੀ ਪ੍ਰਵਾਨ ਨਹੀਂ ਕਰਨਗੇ।