ਮੋਗਾ/ਜੰਡਿਆਲਾ ਗੁਰੂ (ਇਕਬਾਲ ਸਿੰਘ ਖਹਿਰਾ/ਹਰਿੰਦਰਪਾਲ ਸਿੰਘ)-ਮੋਗਾ ਦੇ ਗਾਂਧੀ ਰੋਡ ’ਤੇ ਇਕ ਨਕਾਬਪੋਸ਼ ਵਿਅਕਤੀ ਨੇ ਕਰਿਆਨਾ ਦੁਕਾਨ ’ਤੇ ਆ ਕੇ ਮਾਲਕ ਤੋਂ ਗੱਲਾ ਉਸ ਦੇ ਹਵਾਲੇ ਕਰਨ ਦੀ ਮੰਗ ਕੀਤੀ। ਪਹਿਲਾਂ ਦੁਕਾਨਦਾਰ ਨੂੰ ਜਾਪਿਆ ਕਿ ਉਸ ਨਾਲ ਕੋਈ ਮਜ਼ਾਕ ਕਰ ਰਿਹਾ ਹੈ, ਪਰ ਨਕਾਬਪੋਸ਼ ਵੱਲੋਂ ਜਦੋਂ ਮੰਗ ਕਰਨ ’ਤੇ ਪੈਸੇ ਨਾ ਦਿੱਤੇ ਤਾਂ ਨਕਾਬਪੋਸ਼ ਨੇ ਦੁਕਾਨਦਾਰ ’ਤੇ ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੀਆਂ ਲੱਤਾਂ ’ਤੇ ਲੱਗੀਆਂ। ਜਾਂਦਾ ਹੋਇਆ ਨਕਾਬਪੋਸ਼ ਦੁਕਾਨਦਾਰ ਦਾ ਮੋਬਾਇਲ ਵੀ ਖੋਹ ਕੇ ਲੈ ਗਿਆ।
ਜ਼ਖਮੀ ਹੋਏ ਸੁਰਿੰਦਰ ਪਾਲ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਵੱਲੋਂ ਉਸ ਦੀ ਨਾਜ਼ਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿਖੇ ਅਗਲੇਰੇ ਇਲਾਜ ਲਈ ਭੇਜ ਦਿੱਤਾ ਗਿਆ। ਡੀ ਐੱਸ ਪੀ (ਡੀ) ਸੁਖਅੰਮਿ੍ਰਤ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ’ਚ ਸਾਹਮਣੇ ਆਇਆ ਕਿ ਫਾਇਰਿੰਗ ਕਰਨ ਵਾਲਾ ਥਾਰ ਜੀਪ ’ਤੇ ਸਵਾਰ ਹੋ ਕੇ ਆਇਆ ਸੀ।
ਜੰਡਿਆਲਾ ਗੁਰੂ ’ਚ ਦਿਨ-ਦਿਹਾੜੇ ਮੋਟਰਸਾਇਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀਆ ਵੱਲੋਂ ਕਰਿਆਨੇ ਦੀ ਦੁਕਾਨ ਦੇ ਮਾਲਕ ’ਤੇ ਦੋ-ਤਿੰਨ ਫਾਇਰ ਕੀਤੇ ਗਏ, ਜਿਸ ਦੌਰਾਨ ਡਲਿਵਰੀ ਦੇਣ ਆਏ ਵਿਅਕਤੀ ਦੇ ਪੱਟ ਨੂੰ ਚੀਰਦੀ ਹੋਈ ਗੋਲੀ ਪਾਰ ਹੋ ਗਈ। ਗੰਭੀਰ ਰੂਪ ਵਿੱਚ ਜ਼ਖਮੀ ਨੂੰ ਤੁਰੰਤ ਅੰਮਿ੍ਰਤਸਰ ਹਸਪਤਾਲ ਭੇਜ ਦਿੱਤਾ ਗਿਆ। ਮਾਮਲਾ ਫਿਰੌਤੀ ਮੰਗਣ ਦਾ ਸਾਹਮਣੇ ਆਇਆ ਹੈ। ਪਹਿਲਾਂ ਵੀ ਫੋਨ ਕਾਲ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਫਿਰੌਤੀ ਮੰਗੀ ਜਾ ਰਹੀ ਸੀ, ਜਿਸ ਸੰਬੰਧੀ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਗਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ, ਪਰ ਫਿਰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ।
ਐੱਸ ਐੱਸ ਓ ਹਰਚੰਦ ਸਿੰਘ ਨੇ ਕਿਹਾ ਕਿ ਲਗਭੱਗ ਡੇਢ ਮਹੀਨਾ ਪਹਿਲਾਂ ਵੀ ਇਹਨਾਂ ਨੂੰ ਧਮਕੀਆ ਭਰੇ ਫੋਨ ਆ ਰਹੇ ਸਨ। ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।




